ਸ੍ਰੀ ਫਤਿਹਗੜ੍ਹ ਸਾਹਿਬ/ 22 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜ਼ਿਲਾ ਨਿਵਾਸੀਆਂ ਦੀ ਸਿਹਤ ਦਾ ਰਿਕਾਰਡ ਡਿਜੀਟਲ ਰੱਖਣ ਲਈ ਆਭਾ ਆਈ.ਡੀ. (ਆਯੂਸ਼ਮਾਨ ਭਾਰਤ ਹੈਲਥ ਅਕਾਉਂਟ) ਬਣਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਅਤੇ ਇਸ ਦੇ ਫਾਇਦਿਆਂ ਸਬੰਧੀ ਆਮ ਲੋਕਾਂ ਨੂੰ ਜਾਗਰੂਕਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ,ਆਸ਼ਾ ਵਰਕਰਾਂ ਅਤੇ ਫੀਲਡ ਵਿੱਚ ਕਰਮ ਕੰਮ ਕਰਦੇ ਪੈਰਾਮੈਡੀਕਲ ਕਰਮਚਾਰੀਆਂ ਨੂੰ ਸਰਕਾਰ ਦੇ ਇਸ ਅਹਿਮ ਪ੍ਰੋਜੈਕਟ ਤਹਿਤ ਆਮ ਲੋਕਾਂ ਦੀਆਂ ਆਭਾ ਆਈਡੀਆਂ ਬਣਾਉਣ ਦੀ ਹਦਾਇਤ ਵੀ ਕੀਤੀ ਗਈ ਹੈ। ਜਿਲਾ ਹਸਪਤਾਲ ਵਿਖੇ ਆਭਾ ਆਈਡੀ ਬਣਾਉਣ ਲਈ ਲਗਾਏ ਕਾਂਉਟਰ ਦਾ ਨਿਰੀਖਣ ਕਰਦਿਆਂ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਈ ਵੀ ਚਾਹਵਾਨ ਵਿਅਕਤੀ ਆਪਣੇ ਮੋਬਾਇਲ ਵਿੱਚ ਪਲੇਅ ਸਟੋਰ ਤੇ ਜਾ ਕੇ ਆਭਾ ਐਪ ਨੂੰ ਆਪਣੇ ਮੋਬਾਇਲ ਵਿੱਚ ਡਾਉਨਲੋਡ ਕਰਕੇ ਆਪਣੇ ਅਧਾਰ ਨੰਬਰ ਜਾਂ ਮੋਬਾਇਲ ਨੰਬਰ ਨਾਲ ਆਯੂਸ਼ਮਾਨ ਭਾਰਤ ਹੈਲਥ ਅਕਾਉਂਟ ਬਣਾ ਸਕਦਾ ਹੈ। ਉੁਹਨਾਂ ਕਿਹਾ ਕਿ ਆਭਾ ਆਈ.ਡੀ ਨੰਬਰ ਜਨਰੇਟ ਹੋਣ ਤੇ ਸਿਹਤ ਨਾਲ ਸਬੰਧਤ ਸਾਰੇ ਵੇਰਵੇ ਅਤੇ ਰਿਪੋਰਟਾਂ ਇੱਕ ਹੀ ਥਾਂ ਤੇ ਮੋਬਾਇਲ ਐਪਲ਼ੀਕੇਸ਼ਨ ਵਿੱਚ ਸਕੈਨ ਕਰਕੇ ਰੱਖੀਆਂ ਜਾ ਸਕਦੀਆਂ ਹਨ। ਉਹਨਾਂ ਦੱਸਿਆ ਕਿ ਆਭਾ ਆਈ.ਡੀ ਵਾਲਾ ਵਿਅਕਤੀ ਜੇਕਰ ਬਿਮਾਰ ਹੋ ਜਾਵੇ ਤਾਂ ਉਸ ਨੂੰ ਆਪਣਾ ਇਲਾਜ ਕਰਾਉਣ ਲਈ ਹਸਪਤਾਲ ਜਾਣ ਮੌਕੇ ਓਪੀਡੀ ਸਲਿਪ ਬਣਾਉਣ ਲਈ ਬਹੁਤਾ ਸਮਾਂ ਲੰਬੀਆਂ ਲਾਈਨਾਂ ਵਿੱਚ ਖੜਨ ਦੀ ਜਰੂਰਤ ਨਹੀਂ ਪਵੇਗੀ ਅਤੇ ਨਾਂ ਹੀ ਆਪਣੀ ਸਿਹਤ ਦੇ ਰਿਕਾਰਡ/ਰਿਪੋਰਟਾਂ ਦੀ ਹਾਰਡ ਕਾਪੀ ਚੁੱਕਣ ਦੀ ਜਰੂਰਤ ਨਹੀਂ ਹੋਵੇਗੀ ਬਲਕਿ ਮਰੀਜ ਆਭਾ ਆਈ.ਡੀ ਨਾਲ ਸਿਹਤ ਸਬੰਧੀ ਸਾਰੀਆਂ ਰਿਪੋਰਟਾਂ ਆਪਣੇ ਡਾਕਟਰ ਨੂੰ ਦਿਖਾ ਸਕੇਗਾ।ਇਸ ਨਾਲ ਪੁਰਾਣਾ ਰਿਕਾਰਡ ਦੇਖ ਕੇ ਡਾਕਟਰ ਨੂੰ ਇਲਾਜ ਕਰਨਾ ਵੀ ਸੋਖਾ ਹੋਵੇਗਾ। ਉੁਹਨਾਂ ਕਿਹਾ ਕਿ ਜਿਲੇ ਅੰਦਰ ਸਰਕਾਰੀ ਹਸਪਤਾਲਾ ਵਿੱਚ ਅਜਿਹੇ ਬੈਨਰ/ਪੋਸਟਰ ਲਗਾਏ ਗਏ ਹਨ ਜਿੰਨਾ ਉੱਪਰ ਬਾਰ ਕੋਡ ਦਰਸਾਏ ਗਏ ਹਨ ਇਨ੍ਹਾਂ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਉਣ ਆਏ ਮਰੀਜ ਇਹ ਕਾਰਡ ਬਣਾਉਣ ਦੇ ਲਾਭ ਨੂੰ ਸਮਝਦੇ ਹੋਏ ਕੋਡ ਸਕੈਨ ਐਂਡ ਸ਼ੇਅਰ ਕਰਕੇ ਆਪਣਾ ਆਭਾ ਨੰਬਰ ਜਨਰੇਟ ਕਰ ਸਕਦੇ ਹਨ। ਇਸ ਮੌਕੇ ਤੇ ਜ਼ਿਲਾ ਡੈਂਟਲ ਸਿਹਤ ਅਫਸਰ ਡਾ. ਪਾਰੁਲ ਗੁਪਤਾ, ਜਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਨਰਸਿੰਗ ਵਿਦਿਆਰਥੀ ਅਤੇ ਆਮ ਲੋਕ ਵੀ ਹਾਜ਼ਰ ਸਨ ।