ਸ੍ਰੀ ਫ਼ਤਹਿਗੜ੍ਹ ਸਾਹਿਬ/4 ਜੂਨ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਜੂਨ 1984 ਦੇ ਸਾਕੇ ਨੂੰ ਯਾਦ ਨੂੰ ਸਮਰਪਿਤ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਛਬੀਲ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਵਾਈਸ-ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੂਨ 84 ਦੇ ਸਾਕੇ ਨੂੰ ਕੌਮੀ ਪੱਧਰ ਤੇ ਮਨਾਉਣ ਦਾ ਕੀਤਾ ਗਿਆ ਫੈਸਲਾ ਸ਼ਲਾਘਾਯੋਗ ਹੈ। ਉਹਨਾਂ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਤੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਜੂਨ 1984 ਦੇ ਹਮਲੇ ਨੇ ਸਿੱਖਾਂ ਦੇ ਮਨਾਂ ਉੱਤੇ ਡੂੰਘੀ ਸੱਟ ਮਾਰੀ ਜਿਸਨੇ ਹਰੇਕ ਸਿੱਖ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਉਹਨਾਂ ਆਖਿਆ ਕਿ ਯੂਨੀਵਰਸਿਟੀ ਸਿੱਖ ਪਛਾਣ, ਪੰਜਾਬੀ ਜ਼ੁਬਾਨ ਅਤੇ ਗੁਰਮਤਿ ਸਿਧਾਂਤ ਦੀ ਸਥਾਪਤੀ ਲਈ ਵਚਨਵੱਧ ਹੈ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਆਖਿਆ ਕਿ ਜੂਨ 84 ਦਾ ਸਾਕਾ ਭਾਰਤ ਅੰਦਰ ਘੱਟ ਗਿਣਤੀਆਂ ਦੇ ਬਣਦੇ ਹੱਕ ਅਤੇ ਸਵੈਮਾਨ ਲਈ ਕੀਤੇ ਸੰਘਰਸ਼ ਦਾ ਪ੍ਰਤੀਕ ਹੈ। ਇਸ ਛਬੀਲ ਦਾ ਪ੍ਰਬੰਧ ਡਾ. ਹਰਨੀਤ ਬਿਲਿੰਗ, ਇੰਚਾਰਜ ਸਿੱਖਿਆ ਵਿਭਾਗ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਤੇਜਬੀਰ ਸਿੰਘ, ਰਜਿਸਟਰਾਰ, ਡਾਕਟਰ ਹਰਦੇਵ ਸਿੰਘ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਅਤੇ ਡਾ. ਗਗਨਦੀਪ ਕੌਰ ਸਿੱਖਿਆ ਵਿਭਾਗ ਆਦਿ ਹਾਜ਼ਰ ਸਨ।