ਸ੍ਰੀ ਫ਼ਤਹਿਗੜ੍ਹ ਸਾਹਿਬ/ 6 ਜੂਨ:
(ਰਵਿੰਦਰ ਸਿੰਘ ਢੀਂਡਸਾ)
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ,ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜ਼ਰ ਕੌਰ ਜੀ ਦਾ ਅੰਤਮ ਸੰਸਕਾਰ ਕਰਨ ਲਈ ਹਕੂਮਤ ਨਾਲ ਟੱਕਰ ਲੈ ਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਵਾਲੇ ਦੀਵਾਨ ਟੋਡਰ ਮੱਲ ਜੀ ਦਾ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਸਥਾਨ ਹੈ।ਦੀਵਾਨ ਟੋਡਰ ਮੱਲ ਜੀ ਦੇ ਵੰਸ਼ ਵਿੱਚੋਂ ਦੱਸੇ ਜਾਂਦੇ ਬਾਬਾ ਗੁਰਮੁਖ ਸਿੰਘ ਜੀ ਅਤੇ ਉਨਾਂ ਦਾ ਪਰਿਵਾਰ ਬੇਸ਼ੱਕ ਲੰਮੇ ਸਮੇਂ ਤੋਂ ਦਿੱਲੀ ਵਿਖੇ ਰਹਿ ਰਿਹਾ ਹੈ ਪਰ ਇਸ ਪਰਿਵਾਰ ਦੇ ਮਨਾਂ 'ਚ ਵੀ ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਿਕਾਰ ਹਾਲੇ ਵੀ ਉਸੇ ਤਰ੍ਹਾਂ ਕਾਇਮ ਹੈ।ਇਸ ਪਰਿਵਾਰ ਵੱਲੋਂ ਹਰ ਸਾਲ ਸ਼ਹੀਦੀ ਸਭਾ ਦੇ ਦਿਨਾਂ ਦੌਰਾਨ ਅਤੇ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਵੱਖ-ਵੱਖ ਪੁਰਬਾਂ ਮੌਕੇ ਵੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚ ਕੇ ਬੜੇ ਪ੍ਰੇਮ ਨਾਲ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ।ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਰ ਮੱਲ ਜੀ ਦੀ ਪੁਰਾਤਨ ਹਵੇਲੀ ਦੀ ਸਾਂਭ-ਸੰਭਾਲ ਅਤੇ ਮੁੜ ਉਸਾਰੀ ਲਈ ਯਤਨਸ਼ੀਲ ਗੁਰਮੁੱਖ ਸਿੰਘ ਜੀ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦਾ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਵੱਲੋਂ ਇੱਥੇ ਪਹੁੰਚਣ 'ਤੇ ਸਨਮਾਨ ਕੀਤਾ ਗਿਆ।ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਦੱਸਿਆ ਕਿ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਲਈ ਦੀਵਾਨ ਟੋਡਰ ਮੱਲ ਜੀ ਦੇ ਵੰਸ਼ਜਾਂ ਦਾ ਇੰਨਾ ਪਿਆਰ ਦੇਖ ਕੇ ਸਾਡਾ ਸੀਸ ਇਨਾਂ ਅੱਗੇ ਸਤਿਕਾਰ ਨਾਲ ਝੁਕ ਜਾਂਦਾ ਹੈ।ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਤੋਂ ਇਲਾਵਾ ਟਰੱਸਟ ਦੇ ਜਨਰਲ ਸਕੱਤਰ ਗੁਰਮੀਤ ਸਿੰਘ,ਖਜ਼ਾਨਚੀ ਜਸਪਾਲ ਸਿੰਘ,ਮੈਨੇਜਰ ਨਵਜੋਤ ਸਿੰਘ,ਹੈੱਡ ਗ੍ਰੰਥੀ ਹਰਦੀਪ ਸਿੰਘ,ਜਸਵੰਤ ਸਿੰਘ,ਸੁਖਦੇਵ ਸਿੰਘ ਰਾਜ,ਜੋਗਿੰਦਰ ਪਾਲ ਅਤੇ ਬਲਦੇਵ ਸਿੰਘ ਦੁਸਾਂਝ ਵੀ ਮੌਜ਼ੂਦ ਸਨ।