ਸਿਵਲ ਸਰਜਨ ਨੇ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਦੀ ਬੁਲਾਈ ਜਰੂਰੀ ਮੀਟਿੰਗ
ਸ੍ਰੀ ਫ਼ਤਹਿਗੜ੍ਹ ਸਾਹਿਬ, 19 ਜੂਨ (ਰਵਿੰਦਰ ਸਿੰਘ ਢੀਂਡਸਾ)
ਪੰਜਾਬ ਸਰਕਾਰ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਉਣ ਲਈ ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ. ਦਵਿੰਦਰਜੀਤ ਕੌਰ ਨੇ ਜਿਲੇ ਦੇ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀ ਜਰੂਰੀ ਮੀਟਿੰਗ ਬੁਲਾਈ। ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਉਂਦਿਆਂ ਸਿਵਲ ਸਰਜਨ ਨੇ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਸਾਰੇ ਮਰੀਜ਼ਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ ਅਤੇ ਉਹਨਾਂ ਨੂੰ ਪਿਆਰ ਨਾਲ ਡੀਲ ਕੀਤਾ ਜਾਵੇ। ਉਹਨਾਂ ਕਿਹਾ ਕਿ ਸਿਹਤ ਸੰਸਥਾਵਾਂ /ਦਫਤਰਾਂ ਵਿੱਚ ਕਿਸੇ ਵੀ ਕੰਮ ਲਈ ਆਉਣ ਵਾਲੇ ਆਮ ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣ ਤੇ ਉਹਨਾਂ ਦੇ ਕੰਮਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਆਮ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਸਮੇਂ ਸਿਰ ਕਰਨਾ ਯਕੀਨੀ ਬਣਾਇਆ ਜਾਵੇ । ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦੀਆਂ ਇਹਨਾਂ ਹਦਾਇਤਾਂ ਦੀ ਇਨੰ ਬਿਨੰ ਪਾਲਣਾ ਕੀਤੀ ਜਾਵੇ। ਉਲੰਘਣਾ ਕਰਨ ਵਾਲੇ ਅਧਿਕਾਰੀ ਕਰਮਚਾਰੀ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਦੁਹਰਾਇਆ ਕਿ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਦਿੱਤੀਆਂ ਜਾਣ ਅਤੇ ਲੋੜੀਂਦੇ ਲੈਬਾਰਟਰੀ ਟੈਸਟ ਵੀ ਮੁਫਤ ਕੀਤੇ ਜਾਣ । ਉਹਨਾਂ ਕਿਹਾ ਕਿ ਇੰਪੈਨਲਡ ਹਸਪਤਾਲਾਂ ਦੀਆਂ ਲਿਸਟਾਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਲਗਾਈਆਂ ਜਾਣ ਤੇ ਲੋੜ ਪੈਣ ਤੇ ਇਹਨਾਂ ਹਸਪਤਾਲਾਂ ਦਾ ਲਾਭ ਵੀ ਮਰੀਜਾਂ ਨੂੰ ਦਿਵਾਇਆ ਜਾਵੇ ਅਤੇ ਖਾਸ ਕਰਕੇ ਗਰਭਵਤੀ ਔਰਤਾਂ ਦਾ ਅਲਟਰਾਸਾਊਂਡ ਜੇ.ਐਸ.ਐਸ.ਕੇ ਸਕੀਮ ਅਧੀਨ ਸਰਕਾਰੀ ਅਤੇ ਇੰਪੈਨਲਡ ਹਸਪਤਾਲਾਂ ਤੋਂ ਹੀ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਹਸਪਤਾਲਾਂ ਵਿੱਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਅਤੇ ਆਮ ਲੋਕਾ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਸਬੰਧੀ ਜਾਗਰੂਕ ਕਰਕੇ ਲੋੜਵੰਦ ਵਿਅਕਤੀਆਂ ਨੂੰ ਸਰਕਾਰ ਵੱਲੋਂ ਦਿੱਤੇ ਜਾ ਰਹੇ ਵੱਧ ਤੋਂ ਵੱਧ ਲਾਭ ਦਵਾਏ ਜਾਣ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਸਵਪਨਜੀਤ ਕੌਰ,ਜਿਲਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ, ਜਿਲਾ ਐਪੀਡਿਮੋਲੋਜਿਸਟ ਡਾ. ਗੁਰਪ੍ਰੀਤ ਕੌਰ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਡੀਪੀਐਮ ਡਾ. ਕਸੀਤਿਜ ਸੀਮਾ ਤੋਂ ਇਲਾਵਾ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ ਹਾਜ਼ਰ ਸਨ।