ਸ੍ਰੀ ਫ਼ਤਹਿਗੜ੍ਹ ਸਾਹਿਬ/19 ਜੂਨ (ਰਵਿੰਦਰ ਸਿੰਘ ਢੀਂਡਸਾ)
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬੰਧੀ ਸੌ ਵਿਸ਼ੇਸ਼ ਭਾਸ਼ਣਾਂ ਦੀ ਸ਼ੁਰੂ ਕੀਤੀ ਲੜੀ ਦਾ ਦੂਜਾ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਵਾਈਸ-ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਦੱਸਿਆ ਕਿ ਵਿਸ਼ਵ ਧਰਮ ਗ੍ਰੰਥਾਂ ਦੀ ਲੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਨੂੰ ਉਜਾਗਰ ਕਰਨ ਲਈ ਉਲੀਕੇ ਗਏ ਇਹ 100 ਵਿਸ਼ੇਸ਼ ਭਾਸ਼ਣ ਆਪਣੇ ਆਪ ਵਿੱਚ ਇੱਕ ਵਿਲੱਖਣ ਉਪਰਾਲਾ ਸਾਬਿਤ ਹੋਣਗੇ। ਉਹਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਹਿਮ ਪੱਖਾਂ ਨੂੰ ਅਕਾਦਮਿਕ ਪੱਧਰ ਉੱਪਰ ਸਮਝਣ ਅਤੇ ਵਿਸ਼ਵ ਤੱਕ ਪਹੁੰਚਾਉਣ ਲਈ ਇਸ ਭਾਸ਼ਣ ਲੜੀ ਨੂੰ ਯੂਟੀਊਬ ਉੱਪਰ ਅਪਲੋਡ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਖੋਜੀ ਅਤੇ ਸਿੱਖ ਸੰਗਤਾਂ ਲਾਹਾ ਲੈ ਸਕਣਗੇ। ਵਿਦਵਾਨ ਵਕਤਾ ਪ੍ਰੋਫੈਸਰ ਸਰਬਜਿੰਦਰ ਸਿੰਘ, ਡੀਨ ਫੈਕਲਟੀ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਸਾਹਿਬ ਵੱਲੋਂ ਆਪਣੇ ਹੱਥੀਂ ਕੀਤਾ ਸੰਕਲਨ ਇਸ ਨੂੰ ਵਿਸ਼ਵ ਧਰਮ ਗ੍ਰੰਥਾਂ ਵਿਚ ਵਿਲੱਖਣ ਥਾਂ ਦਿੰਦਾ ਹੈ। ਉਹਨਾਂ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਤੇ ਗੁਰਸਿੱਖਾਂ ਦੀ ਬਾਣੀ ਤੋਂ ਇਲਾਵਾ ਵੱਖ ਵੱਖ ਇਲਾਕਿਆਂ, ਭਾਸ਼ਾਵਾਂ, ਅਤੇ ਵਿਸ਼ਵਾਸਾਂ ਨਾਲ ਸਬੰਧਤ ਭਗਤ ਸਾਹਿਬਾਨ ਦੀ ਬਾਣੀ ਦਾ ਸ਼ਾਮਲ ਹੋਣਾ ਵੀ ਗੁਰਬਾਣੀ ਸੰਕਲਨ ਦਾ ਵਿਲੱਖਣਤ ਤਤ ਹੈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ, ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਭਾਸ਼ਣ ਲੜੀ ਸ਼ੁਰੂ ਕਰਨ ਲਈ ਧਰਮ ਅਧਿਐਨ ਵਿਭਾਗ ਨੂੰ ਮੁਬਾਰਕਬਾਦ ਦਿੱਤੀ ਅਤੇ ਆਖਿਆ ਕਿ ਯੂਨੀਵਰਸਟੀ ਆਉਣ ਵਾਲੇ ਦਿਨਾਂ ਵਿੱਚ ਪੰਥ ਦੇ ਸਿਰਮੌਰ ਵਿਦਵਾਨਾਂ ਦੀਆਂ ਗੁਰਬਾਣੀ ਨਾਲ ਸੰਬੰਧਿਤ ਖੋਜਾਂ ਨੂੰ ਇਸ ਲੜੀ ਦਾ ਹਿੱਸਾ ਬਣਾਵੇਗੀ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਨੇ ਪਹੁੰਚੇ ਮਹਿਮਾਨਾਂ, ਵਿਦਵਾਨ ਵਰਤਾ ਅਤੇ ਸਰੋਤਿਆ ਦਾ ਧੰਨਵਾਦ ਕਰਦਿਆਂ ਆਖਿਆ ਕਿ ਵਿਭਾਗ ਗੁਰਬਾਣੀ ਸਬੰਧੀ ਮਿਆਰੀ ਅਤੇ ਉਸਾਰੂ ਖੋਜ ਕਰਨ ਲਈ ਵਚਨਬੱਧ ਹੈ। ਉਹਨਾਂ ਆਖਿਆ ਕਿ ਗੁਰਬਾਣੀ ਨਾਲ ਸਬੰਧਤ ਅਧਿਐਨ ਅਤੇ ਖੋਜ ਕਰਨ ਵਾਲੇ ਹਰੇਕ ਵਿਦਵਾਨ ਨੂੰ ਇਸ ਭਾਸ਼ਣ ਲੜੀ ਦਾ ਹਿੱਸਾ ਬਣਨ ਲਈ ਨਿੱਘਾ ਸੱਦਾ ਦਿੱਤਾ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿਸਟਰਾਰ, ਪ੍ਰੋਫੈਸਰ ਤੇਜਬੀਰ ਸਿੰਘ, ਲਾਇਬਰੇਰੀਅਨ, ਡਾ. ਕਰਮ ਸਿੰਘ, ਜੂਲੋਜੀ ਵਿਭਾਗ ਮੁਖੀ ਡਾ. ਚਰਨ ਕਮਲ ਸੇਖੋਂ, ਸੰਗੀਤ ਵਿਭਾਗ ਦੇ ਮੁਖੀ ਹਰਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।