ਸ੍ਰੀ ਫ਼ਤਹਿਗੜ੍ਹ ਸਾਹਿਬ/25 ਜੂਨ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਅੰਦਰ ਸਿਹਤ ਵਿਭਾਗ ਵਿੱਚ ਕੰਮ ਕਰਦੀਆਂ ਮਲਟੀ ਪਰਪਜ ਹੈਲਥ ਵਰਕਰ (ਫੀਮੇਲ) ਨੂੰ ਜਿਲਾ ਪਰਿਵਾਰ ਭਲਾਈ ਅਫਸਰ ਡਾ. ਦਲਜੀਤ ਕੌਰ ਦੀ ਅਗਵਾਈ ਹੇਠ ਇਕ ਰੋਜ਼ਾ ਜੀ.ਡੀ.ਐਮ ( ਗੈਸਟੇਸ਼ਨਲ ਡਾਇਬਟੀਜ਼ ਮਲਾਈਟਸ ) ਦੀ ਇਕ ਰੋਜਾ ਸਿਖਲਾਈ ਦਿੱਤੀ ਗਈ । ਇਸ ਮੌਕੇ ਤੇ ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਗਰਭ ਅਵਸਥਾ ਦੌਰਾਨ ਗਰਭਵਤੀ ਔਰਤਾਂ ਨੂੰ ਹੋਣ ਵਾਲੀ ਸ਼ੂਗਰ ਦਾ ਜੇਕਰ ਸਮੇਂ ਸਿਰ ਪਤਾ ਲਗਾ ਕੇ ਉਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਉਹ ਜੱਚਾ ਤੇ ਬੱਚਾ ਦੋਨਾਂ ਲਈ ਘਾਤਕ ਹੋ ਸਕਦੀ ਹੈ। ਉਹਨਾਂ ਕਿਹਾ ਕਿ ਗਰਭਕਾਲੀ ਸ਼ੂਗਰ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਪਲੈਸੈਂਟਾ ਦੁਆਰਾ ਬਣਾਇਆ ਗਿਆ ਇੱਕ ਹਾਰਮੋਨ ਸਰੀਰ ਨੂੰ ਇਨਸੁਲਿਨ ਦੀ ਪ੍ਰਭਾਵੀ ਵਰਤੋਂ ਕਰਨ ਤੋਂ ਰੋਕਦਾ ਹੈ , ਇਸ ਸਥਿਤੀ ਵਿੱਚ ਗਲੂਕੋਜ਼ ਸੈੱਲਾਂ ਦੁਆਰਾ ਲੀਨ ਹੋਣ ਦੀ ਬਜਾਏ ਖੂਨ ਵਿੱਚ ਜਮ੍ਹਾਂ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਟਰੇਨਿੰਗ ਦਾ ਮੁੱਖ ਉਦੇਸ਼ ਗਰਭ ਅਵਸਥਾ ਦੌਰਾਨ ਹੋਣ ਵਾਲੀ ਸ਼ੂਗਰ ਦਾ ਸਮੇਂ ਸਿਰ ਪਤਾ ਲਗਾ ਕੇ ਉਸ ਦਾ ਇਲਾਜ ਕਰਨਾ, ਇਸ ਨਾਲ ਹੋਣ ਵਾਲੇ ਰੋਗਾਂ ਦੇ ਵਿਕਾਸ ਦੇ ਜੋਖਮ ਨੂੰ ਘੱਟ ਕਰਨਾ ,ਜੱਚਾ ਬੱਚਾ ਮੌਤ ਘਰ ਨੂੰ ਘੱਟ ਕਰਨਾ, ਪੀੜਤ ਔਰਤ ਦੀ ਸਿਹਤ ਦਾ ਖਿਆਲ ਰੱਖ ਕੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿਵਾਉਣਾ ਹੈ। ਡਾ. ਦਲਜੀਤ ਕੌਰ ਨੇ ਗਰਭ ਕਾਲ ਦੌਰਾਨ ਗਰਭਵਤੀਆਂ ਨੂੰ ਆਉਣ ਵਾਲੀਆਂ ਵੱਖ-ਵੱਖ ਦਿੱਕਤਾਂ ਤੇ ਬਿਮਾਰੀਆਂ ਸਬੰਧੀ ਵਿਸਥਾਰ ਸਹਿਤ ਜਾਣੂ ਕਰਾਉਂਦਿਆ ਇਹਨਾਂ ਦੇ ਹੱਲ ਅਤੇ ਇਲਾਜ ਸਬੰਧੀ ਸਿਖਲਾਈ ਦਿੱਤੀ।ਇਸ ਮੌਕੇ ਤੇ ਜ਼ਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ ,ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ,ਜਸਵਿੰਦਰ ਕੌਰ, ਬੀਸੀਸੀ ਕੁਆਰਡੀਨੇਟਰ ਅਮਰਜੀਤ ਸਿੰਘ ਅਤੇ ਜਿਲੇ ਦੀਆਂ ਮਲਟੀਪਰਜ ਹੈਲਥ ਵਰਕਰ ਹਾਜ਼ਰ ਸਨ।