ਸਮਰਾਲਾ, 1 ਜੁਲਾਈ
ਐਤਵਾਰ ਸਵੇਰੇ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ 2 ਜਣਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਹੇਡੋਂ ਤੋਂ ਇਕ ਮਾਂ ਤੇ ਉਸਦਾ ਪੁੱਤਰ ਸਮਰਾਲਾ ਵੱਲ ਨੂੰ ਆਪਣੀ ਐਕਟਿਵਾ ’ਤੇ ਆ ਰਹੇ ਸਨ ਤੇ ਅਚਾਨਕ ਘਰ ਕੁਝ ਸਾਮਾਨ ਭੁੱਲ ਆਏ। ਜਦੋਂ ਪਿੰਡ ਕੋਟਲਾ ਸਮਸ਼ਪੁਰ ਤੋਂ ਵਾਪਸ ਘਰ ਆਉਣ ਲਈ ਮੁੜਨ ਲੱਗੇ ਤਾਂ ਲੁਧਿਆਣਾ ਤੋਂ ਚੰਡੀਗੜ੍ਹ ਵੱਲ ਨੂੰ ਜਾ ਰਹੇ ਇਕ ਤੇਜ਼ ਰਫ਼ਤਾਰ ਰੇਸਰ ਬਾਈਕਰ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਟੱਕਰ ਨਾਲ ਰੇਸਰ ਮੋਟਰਸਾਈਕਲ ਸਵਾਰ ਤੇ ਐਕਟਿਵਾ ਸਵਾਰ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਐਕਟਿਵਾ ਚਲਾ ਰਿਹਾ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਹੇਡੋਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖ਼ਲ ਕਰਵਾਇਆ ਗਿਆ।
ਇਹ ਜ਼ੋਰਦਾਰ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਨੂੰ ਮੌਕੇ ’ਤੇ ਹੀ ਅੱਗ ਲੱਗ ਗਈ ਜਿਸ ਨੂੰ ਫਾਇਰ ਬ੍ਰਿਗੇਡ ਦੀ ਮਦਦ ਨਾਲ ਬੁਝਾਇਆ ਗਿਆ। ਜਾਣਕਾਰੀ ਮਿਲਦੇ ਹੀ ਥਾਣਾ ਮੁਖੀ ਰਾਉ ਵਰਿੰਦਰ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਗਿਆ ਤੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਔਰਤ ਦੀ ਪਛਾਣ ਪਰਮਿੰਦਰ ਕੌਰ (55) ਪਤਨੀ ਪਰਮਿੰਦਰ ਸਿੰਘ ਵਾਸੀ ਹੇਡੋਂ ਵਜੋਂ ਹੋਈ ਤੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਪਛਾਣ ਵਿਵੇਕ ਚੌਹਾਨ ਪੁੱਤਰ ਜਸਪਾਲ ਚੌਹਾਨ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ।