ਸ੍ਰੀ ਫ਼ਤਹਿਗੜ੍ਹ ਸਾਹਿਬ/ 2 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਪਿੰਡ ਕੱਜਲਮਾਜਰਾ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਮੋਹਾਲੀ ਦੇ ਰਹਿਣ ਵਾਲੇ ਇੱਕ 17 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਅਤੇ ਉਸਦੇ ਇੱਕ ਦੋਸਤ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਰੋਹਿਤ(18) ਵਾਸੀ ਸੈਕਟਰ 70 ਮੋਹਾਲੀ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਅਤੇ ਉਸਦਾ ਦੋਸਤ ਰਿਸ਼ਾਂਤ(17) ਵਾਸੀ ਮਟੌਰ,ਮੋਹਾਲੀ ਕੇਟੀਐਮ ਬਾਈਕ 'ਤੇ ਸਵਾਰ ਹੋ ਕੇ ਪਿੰਡ ਗੋਪਾਲੋਂ ਨਜ਼ਦੀਕ ਪੈਂਦੇ ਸੂਅੇ 'ਚ ਨਹਾਉਣ ਲਈ ਆਏ ਸਨ ਜਿੱਥੋਂ ਨਹਾ ਕੇ ਉਹ ਵਾਪਸ ਮੋਹਾਲੀ ਵੱਲ ਨੂੰ ਚੱਲ ਪਏ ਤੇ ਬਾਈਕ ਨੂੰ ਰਿਸ਼ਾਂਤ ਚਲਾਉਣ ਲੱਗਾ।ਰੋਹਿਤ ਨੇ ਦੱਸਿਆ ਕਿ ਦੁਪਹਿਰ ਕਰੀਬ ਡੇਢ ਕੁ ਵਜੇ ਉਹ ਜਦੋਂ ਪਿੰਡ ਕੱਜਲਮਾਜਰਾ ਨਜ਼ਦੀਕ ਪੈਂਦੇ ਮੋੜ ਕੋਲ ਪਹੁੰਚੇ ਤਾਂ ਰਿਸ਼ਾਂਤ ਤੋਂ ਮੋੜ ਕੱਟਦੇ ਸਮੇਂ ਬਾਈਕ ਕੰਟਰੋਲ ਨਹੀਂ ਹੋ ਸਕੀ ਜਿਸ ਕਾਰਨ ਉਨਾਂ ਦੀ ਬਾਈਕ(ਮੋਟਰਸਾਈਕਲ) ਸੜਕ ਕਿਨਾਰੇ ਖੜ੍ਹੇ ਇੱਕ ਦਰਖਤ ਨਾਲ ਜਾ ਟਕਰਾਈ ਜਿਸ ਕਾਰਨ ਰਿਸ਼ਾਂਤ ਦਾ ਸਿਰ ਦਰਖਤ ਨਾਲ ਵੱਜਿਆ ਤੇ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਹ ਖੁਦ ਪਿਛਲੀ ਸੀਟ ਤੋਂ ਬੁੜਕ ਕੇ ਹੇਠਾਂ ਜਾ ਡਿੱਗਿਆ ਜਿਸ ਕਾਰਨ ਉਸ ਦੇ ਵੀ ਸੱਟਾਂ ਲੱਗੀਆਂ।ਮੌਕੇ 'ਤੇ ਇਕੱਠੇ ਹੋਏ ਰਾਹਗੀਰਾਂ ਵੱਲੋਂ ਉਨਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਪੁਹੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਚੈੱਕ ਕਰਕੇ ਰਿਸ਼ਾਂਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਰੋਹਿਤ ਅਤੇ ਮ੍ਰਿਤਕ ਦੇ ਵਾਰਿਸਾਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਹਾਦਸਾ ਕੁਦਰਤੀ ਹੋਇਆ ਹੈ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ ਤੇ ਨਾ ਹੀ ਉਹ ਇਸ ਮਾਮਲੇ 'ਚ ਕਿਸੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਰਵਾਉਣਾ ਚਾਹੁੰਦੇ ਹਨ ਜਿਨਾਂ ਦੇ ਬਿਆਨ ਦਰਜ ਕਰਕੇ ਬਸੀ ਪਠਾਣਾਂ ਪੁਲਿਸ ਵੱਲੋਂ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੀ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।