ਅੰਮ੍ਰਿਤਸਰ, 4 ਜੁਲਾਈ
ਅੰਮ੍ਰਿਤਪਾਲ ਸਿੰਘ ਨੂੰ ਮਿਲੀ ਚਾਰ ਦਿਨਾਂ ਦੀ ਪੈਰੋਲ ਦੇ ਹੁਕਮਾਂ ਦੀ ਕਾਪੀ ਅੱਜ ਸਾਹਮਣੇ ਆਈ ਹੈ। ਅੰਮ੍ਰਿਤਪਾਲ ਸਿੰਘ ਨੂੰ ਡਿੱਬੜੂਗੜ੍ਹ ਜੇਲ੍ਹ ਤੋਂ ਲੈਣ ਲਈ ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਪੰਜਾਬ ਪੁਲਿਸ ਦੇ ਐਸ.ਪੀ. ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਪੁਲਿਸ ਟੀਮ ਰਵਾਨਾ ਹੋ ਗਈ ਹੈ। ਸਾਹਮਣੇ ਆਏ ਹੁਕਮਾਂ ਦੀ ਕਾਪੀ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਸ਼ਰਤਾਂ ਤਹਿਤ ਆਰਜ਼ੀ ਤੌਰ ’ਤੇ ਰਿਹਾਈ ਦਿੱਤੀ ਗਈ ਹੈ ਅਤੇ ਇਸ ਦੌਰਾਨ ਉਹ ਪੰਜਾਬ ਨਹੀਂ ਆ ਸਕਣਗੇ ਤੇ ਦਿੱਲੀ ਵਿਚ ਪਰਿਵਾਰ ਹੀ ਉਸ ਨਾਲ ਮੁਲਾਕਾਤ ਕਰ ਸਕੇਗਾ ਅਤੇ ਮੁਲਾਕਾਤ ਦੌਰਾਨ ਪਰਿਵਾਰ ਵਲੋਂ ਕੋਈ ਫੋਟੋ ਨਹੀਂ ਕਰਵਾਈ ਜਾਵੇਗੀ। ਹੁਕਮਾਂ ਦੀ ਕਾਪੀ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਪੈਰੋਲ ਦੇ ਦੌਰਾਨ ਅੰਮ੍ਰਿਤਪਾਲ ਸਿੰਘ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਵੀ ਨਹੀਂ ਦੇਣਗੇ ਅਤੇ ਦਿੱਲੀ ਵਿਚ ਹਲਫ਼ ਲੈਣ ਤੋਂ ਬਾਅਦ ਸਿੱਧਾ ਡਿੱਬੜੂਗੜ੍ਹ ਜੇਲ੍ਹ ਵਾਪਸ ਭੇਜ ਦਿੱਤਾ ਜਾਵੇਗਾ।