ਸ੍ਰੀ ਫ਼ਤਹਿਗੜ੍ਹ ਸਾਹਿਬ/4 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ, ਮੰਡੀ ਗੋਬਿੰਦਗੜ੍ਹ ਵੱਲੋਂ ਬੀਤੇ ਦਿਨੀਂ ਡਾਕਟਰ ਦਿਵਸ ਮਨਾਇਆ ਗਿਆ। ਡੀਬੀਯੂ ਦੇ ਬੁਲਾਰੇ ਨੇ ਦੱਸਿਆ ਕਿ ਡਾਕਟਰ ਦਿਵਸ ਦੁਨੀਆ ਭਰ ਦੇ ਡਾਕਟਰਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਹਮਦਰਦੀ ਨੂੰ ਪਛਾਣਨ ਅਤੇ ਪ੍ਰਸ਼ੰਸਾ ਕਰਨ ਦਾ ਇੱਕ ਵਿਸ਼ੇਸ਼ ਦਿਨ ਹੈ ਕਿਉਂਕਿ ਲੋਕਾਂ ਨੂੰ ਸਿਹਤਮੰਦ ਰੱਖਣ ਵਿੱਚ ਡਾਕਟਰਾਂ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਡਾਕਟਰ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਚਾਂਸਲਰ ਡਾ: ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ ਤੇਜਿੰਦਰ ਕੌਰ,ਪ੍ਰਿੰਸੀਪਲ ਡਾ. ਉਨਤੀ ਪਿਟਾਲੇ ਅਤੇ ਡਾਕਟਰਾਂ ਵੱਲੋਂ ਕੇਕ ਕੱਟ ਕੇ ਕੀਤੀ ਗਈ। ਇਸ ਮੌਕੇ ਡਾ: ਜ਼ੋਰਾ ਸਿੰਘ ਅਤੇ ਡਾ: ਤਜਿੰਦਰ ਕੌਰ ਨੇ ਕਿਹਾ ਕਿ ਡਾਕਟਰ ਸਾਡੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ। ਉਹ ਸਾਡੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਅਣਥੱਕ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਮੁਹਾਰਤ ਅਤੇ ਦੇਖ-ਭਾਲ ਸਾਡੇ ਜੀਵਨ ਵਿੱਚ ਮਹੱਤਵਪੂਰਨ ਤਬਦੀਲੀ ਲਿਆਉਂਦੀ ਹੈ। ਇਸ ਡਾਕਟਰ ਦਿਵਸ 'ਤੇ ਅਸੀਂ ਡਾਕਟਰਾਂ ਦਾ ਧੰਨਵਾਦ ਕਰਦੇ ਹਾਂ। ਸਮਾਗਮ ਦੇ ਅੰਤ ਵਿੱਚ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ ਪ੍ਰਿੰਸੀਪਲ ਡਾ. ਉਨਤੀ ਪਿਟਾਲੇ ਨੇ ਕਿਹਾ ਕਿ ਇਹ ਸਮਾਗਮ ਸਾਡੇ ਜੀਵਨ ਵਿੱਚ ਡਾਕਟਰਾਂ ਦੀ ਅਹਿਮ ਭੂਮਿਕਾ ਅਤੇ ਉਨ੍ਹਾਂ ਵੱਲੋਂ ਲੋਕਾਂ ਨੂੰ ਰੋਗ ਮੁਕਤ ਕਰਨ ਲਈ ਕੀਤੀ ਜਾਂਦੀ ਸਖਤ ਮਿਹਨਤ ਦੀ ਯਾਦ ਦਵਾਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਸਾਡੇ ਮੈਡੀਕਲ ਨਾਇਕਾਂ ਦੇ ਅਨਮੋਲ ਯੋਗਦਾਨ ਨੂੰ ਚੇਤੇ ਰੱਖਦੇ ਹਾਂ।