ਸ੍ਰੀ ਫ਼ਤਹਿਗੜ੍ਹ ਸਾਹਿਬ/5 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਕਰੀਬ ਤਿੰਨ ਸਾਲ ਪਹਿਲਾਂ ਪਿੰਡ ਸੈਦਪੁਰਾ ਦੇ ਪੈਟਰੌਲ ਪੰਪ ਨਜ਼ਦੀਕ ਵਾਪਰੇ ਸੜਕ ਹਾਦਸੇ ਦੌਰਾਨ ਡਿਪਟੀ ਕਮਿਸ਼ਨਰ ਦਫਤਰ ਫ਼ਤਹਿਗੜ੍ਹ ਸਾਹਿਬ ਦੇ ਸੇਵਾਮੁਕਤ ਕਰਮਚਾਰੀ ਪਾਲ ਸਿੰਘ(65) ਦੀ ਹੋਈ ਮੌਤ ਦੇ ਮਾਮਲੇ 'ਚ ਇੱਥੋਂ ਦੀ ਇੱਕ ਅਦਾਲਤ ਵੱਲੋਂ ਟਰੱਕ ਡਰਾਇਵਰ ਨੂੰ ਕੈਦ ਅਤੇ ਜ਼ੁਰਮਾਨੇ ਦੀ ਸਜ਼ਾ ਸੁਣਾਏ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਿਤੀ 25/8/21 ਨੂੰ ਸ਼ਾਮ ਕਰੀਬ ਛੇ ਵਜੇ ਜਦੋਂ ਪਾਲ ਸਿੰਘ ਵਾਸੀ ਪਿੰਡ ਸੈਦਪੁਰਾ ਸਰਹਿੰਦ ਤੋਂ ਆਪਣੇ ਐਕਟਿਵਾ ਸਕੂਟਰ 'ਤੇ ਸਵਾਰ ਹੋ ਕੇ ਘਰ ਨੂੰ ਜਾ ਰਿਹਾ ਸੀ ਤਾਂ ਜੀ.ਟੀ. ਰੋਡ 'ਤੇ ਨਾਲ ਜਾਂਦੀ ਸਰਵਿਸ ਰੋਡ 'ਤੇ ਜਦੋਂ ਉਹ ਭਾਰਤ ਪੈਟਰੌਲੀਅਮ ਦੇ ਪੰਪ ਕੋਲ ਪਹੁੰਚਿਆ ਤਾਂ ਗਲਤ ਦਿਸ਼ਾ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਨੇ ਉਸਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਪਾਲ ਸਿੰਘ ਦੇ ਸਿਰ ਅਤੇ ਸਰੀਰ ਦੇ ਬਾਕੀ ਹਿੱਸਿਆਂ 'ਤੇ ਗੰਭੀਰ ਸੱਟਾਂ ਲੱਗੀਆਂ ਤੇ ਹਸਪਤਾਲ ਲਿਜਾਣ 'ਤੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।ਉਕਤ ਮਾਮਲੇ 'ਚ ਥਾਣਾ ਸਰਹਿੰਦ ਦੀ ਪੁਲਿਸ ਵੱਲੋਂ ਟਰੱਕ ਚਾਲਕ ਸੁਪਿੰਦਰ ਸਿੰਘ ਵਿਰੁੱਧ 279,304ਏ,427 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।ਮਾਮਲੇ ਦੀ ਸੁਣਵਾਈ ਪੂਰੀ ਹੋਣ 'ਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੈਟ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਸੁਪਿੰਦਰ ਸਿੰਘ ਵਾਸੀ ਸਰਹਿੰਦ ਨੂੰ ਮਾਮਲੇ 'ਚ ਅ/ਧ 304-ਏ ਆਈ.ਪੀ.ਸੀ. ਤਹਿਤ ਦੋਸ਼ੀ ਮੰਨਦੇ ਹੋਏ ਦੋ ਸਾਲ ਕੈਦ ਬਾਮੁਸ਼ੱਕਤ,500 ਰੁਪਏ ਜ਼ੁਰਮਾਨਾ ਅਤੇ ਇਸੇ ਮਾਮਲੇ 'ਚ ਅ/ਧ 279 ਆਈ.ਪੀ.ਸੀ. ਤਹਿਤ ਦੋਸ਼ੀ ਮੰਨਦੇ ਹੋਏ 6 ਮਹੀਨੇ ਦੀ ਕੈਦ ਬਾਮੁਸ਼ੱਕਤ ਅਤੇ 500 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।