ਸ੍ਰੀ ਫ਼ਤਹਿਗੜ੍ਹ ਸਾਹਿਬ/5 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ 28 ਜੂਨ ਤੋਂ 24 ਜੁਲਾਈ ਤੱਕ ਪਰਿਵਾਰ ਨਿਯੋਜਨ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਲੱਗਭਗ ਇੱਕ ਮਹੀਨਾ ਚੱਲਣ ਵਾਲੀ ਇਸ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ 28 ਜੂਨ ਤੋਂ 10 ਜੁਲਾਈ ਤੱਕ " ਦੰਪਤੀ ਸੰਪਰਕ ਪੰਦਰਵਾੜਾ " ਮਨਾਇਆ ਜਾ ਰਿਹਾ ਹੈ ਜਿਸ ਵਿਚ ਸਿਹਤ ਵਿਭਾਗ ਦੇ ਸਿਹਤ ਕਾਮਿਆਂ ਵੱਲੋਂ ਯੋਗ ਜੋੜਿਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਾਲ ਸਿਹਤ ਵਿਭਾਗ ਵੱਲੋਂ ਅਬਾਦੀ ਦਿਵਸ ਤੇ "ਵਿਕਸਿਤ ਭਾਰਤ ਦੀ ਨਵੀਂ ਪਹਿਚਾਣ - ਪਰਿਵਾਰ ਨਿਯੋਜਨ ਹਰ ਦੰਪਤੀ ਦੀ ਸ਼ਾਨ " ਸਲੋਗਨ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 11 ਜੁਲਾਈ ਤੋਂ 24 ਜੁਲਾਈ ਤੱਕ ਅਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾਵੇਗਾ, ਜਿਸ ਤਹਿਤ ਜ਼ਿਲ੍ਹੇ ਅੰਦਰ ਵੱਖ -ਵੱਖ ਸਿਹਤ ਸੰਸਥਾਵਾਂ ਤੇ ਵਿਸ਼ੇਸ਼ ਕੈਂਪ ਲਗਾ ਕੇ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੀਆਂ ਸਿਹਤ ਸੇਵਾਵਾਂ ਮਹੁਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਪਰਿਵਾਰ ਨਿਯੋਜਨ ਦੇ ਤਰੀਕੇ ਅਪਣਾ ਕੇ ਅਬਾਦੀ ਨੂੰ ਸਥਿਰ ਰੱਖਿਆਂ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਕਰਨ ਨਾਲ ਅਨਿਯੋਜਿਤ ਗਰਭ ਦੀ ਦਰ ਵੀ ਘਟਾਈ ਜਾ ਸਕਦੀ ਹੈ ਅਤੇ ਇਸ ਨਾਲ ਮਾਵਾਂ ਅਤੇ ਬੱਚਿਆਂ ਦੀ ਮੌਤ ਦਰ ਵਿਚ ਵੀ ਕਮੀਂ ਹੋਵੇਗੀ ਅਤੇ ਦੇਸ਼ ਅੰਦਰੋ ਬੇਰੁਜ਼ਗਾਰੀ, ਅਨਪੜ੍ਹਤਾ, ਕੁਪੋਸ਼ਣ, ਗਰੀਬੀ, ਕਟੜਤਾ ਆਦਿ ਵਰਗੀਆਂ ਸਮਸਿਆਵਾਂ ਨੂੰ ਵੀ ਕਾਬੂ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਕਰਨ ਨਾਲ ਦੇਸ਼ ਅਤੇ ਪਰਿਵਾਰ ਆਰਥਿਕ ਤੌਰ ਤੇ ਮਜਬੂਤ ਹੋਵੇਗਾ। ਇਸ ਮੌਕੇ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਦਲਜੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਲੱਗਭਗ ਯੋਗ ਜੋੜਿਆਂ ਦੀ ਗਿਣਤੀ 76316 ਹੈ ਤੇ ਇਨ੍ਹਾਂ ਨੂੰ ਸਿਹਤ ਸੰਸਥਾਵਾਂ ਤੇ ਸਿਹਤ ਕਾਮਿਆਂ ਦੀ ਮੱਦਦ ਨਾਲ ਸਿਹਤ ਸੇਵਾਵਾਂ ਮਹੁਈਆ ਕਰਵਾਈਆਂ ਜਾਣਗੀਆਂ ਜਿਸ ਸੰਬੰਧੀ ਮਕੁੰਮਲ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਨੇ ਸਾਰੇ ਯੋਗ ਜੋੜਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਪੰਦਰਵਾੜੇ ਦਾ ਵੱਧ ਤੋਂ ਵੱਧ ਲਾਭ ਉਠਾਉਣ।