ਸ੍ਰੀ ਫ਼ਤਹਿਗੜ੍ਹ ਸਾਹਿਬ/5 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਸ਼ੁਰੂ ਕੀਤੀ ਸੌ ਭਾਸ਼ਣਾਂ ਦੀ ਲੜੀ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਪੀ ਦਰਸ਼ਨ ਵਿਸ਼ੇ ਉੱਪਰ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ ਜਿਸ ਦੇ ਮੁੱਖ ਵਕਤਾ ਪ੍ਰੋਫੈਸਰ ਹਰਭਜਨ ਸਿੰਘ, ਸੇਵਾ ਮੁਕਤ ਡਾਇਰੈਕਟਰ, ਭਾਈ ਬਲਵੀਰ ਸਿੰਘ ਸਾਹਿਤ ਅਧਿਐਨ ਕੇਂਦਰ ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਨ।
ਇਸ ਮੌਕੇ ਵਾਈਸ ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਅਧਿਐਨ ਅਤੇ ਖੋਜ ਵੱਲ ਅੱਗੇ ਤੁਰਨ ਲਈ ਗੁਰਮੁਖੀ ਲਿਪੀ ਦਾ ਵਿਲੱਖਣ ਮਹੱਤਵ ਹੈ। ਉਹਨਾਂ ਆਖਿਆ ਕਿ ਇਸ ਖੇਤਰ ਵਿੱਚ ਅਧਿਐਨ ਅਤੇ ਖੋਜ ਦੀ ਘਾਟ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ ਅਤੇ ਅੱਜ ਪ੍ਰੋਫੈਸਰ ਹਰਭਜਨ ਸਿੰਘ ਵੱਲੋਂ ਇਸ ਵਿਸ਼ੇ ਉੱਪਰ ਦਿੱਤਾ ਭਾਸ਼ਣ ਵਿਦਿਆਰਥੀਆਂ ਅਤੇ ਖੋੋਜਾਰਥੀਆਂ ਲਈ ਮੁੱਲਵਾਣ ਸਾਬਤ ਹੋਵੇਗਾ। ਪ੍ਰੋਫੈਸਰ ਹਰਭਜਨ ਸਿੰਘ ਨੇ ਅਪਣੇ ਭਾਸ਼ਨ ਵਿੱਚ ਕਿਹਾ ਕਿ ਗੁਰਮੁਖੀ ਲਿਪੀ ਨੂੰ ਗੁਰੂ ਸਾਹਿਬਾਨ ਤੋਂ ਵੱਖ ਕਰਨ ਬਾਰੇ ਬਣਾਈ ਗਈ ਧਾਰਨਾ ਤਥ ਅਤੇ ਸੱਚ ਤੋਂ ਕੋਹਾਂ ਦੂਰ ਹੈ। ਉਹਨਾਂ ਆਖਿਆ ਕਿ ਗੁਰੂ ਸਾਹਿਬਾਨ ਤੋਂ ਪਹਿਲੇ ਗੁਰਮੁਖੀ ਲਿਪੀ ਦੇ ਦੱਸੇ ਜਾਂਦੇ ਹਵਾਲੇ ਹੁਣ ਗੁਰੂ ਸਾਹਿਬਾਨ ਤੋਂ ਛੇਕੜਲੇ ਸਾਬਤ ਹੋ ਰਹੇ ਹਨ। ਉਹਨਾ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਦਖਣੀ ਓਂਕਾਰ ਅਤੇ ਪਟੀ ਬਾਣੀ ਦਾ ਸਿੱਧਾ ਸੰਬੰਧ ਗੁਰਮਤਿ ਦੇ ਲਿਪੀ ਸਿਧਾਂਤ ਨਾਲ ਹੈ। ਉਹਨਾਂ ਨੇ ਗੁਰਬਾਣੀ ਦੇ ਵੱਖ ਵੱਖ ਹਵਾਲੇ ਦੇ ਕੇ ਇਹ ਸਾਬਤ ਕੀਤਾ ਕਿ ਗੁਰੂ ਸਾਹਿਬ ਤੋਂ ਪਹਿਲੀਆਂ ਲਿਪੀਆਂ ਵਿੱਚ ਕਈ ਅੱਖਰ ਬੇਲੋੜੇ ਅਤੇ ਔਖੇ ਸਨ ਜਿਨਾਂ ਨੂੰ ਢੁਕਵੇਂ ਅੱਖਰਾਂ ਨਾਲ ਬਦਲ ਕੇ ਗੁਰੂ ਸਾਹਿਬ ਨੇ ਆਮ ਲੋਕਾਂ ਨੂੰ ਧਰਮ ਅਤੇ ਵਿਦਿਆ ਨਾਲ ਜੋੜਿਆ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਆਖਿਆ ਕਿ ਗੁਰਮੁਖੀ ਲਿਪੀ ਬਾਰੇ ਸਟੀਕ ਅਤੇ ਢੁਕਵੀਂ ਜਾਣਕਾਰੀ ਹਰੇਕ ਸਿੱਖ ਅਤੇ ਪੰਜਾਬੀ ਲਈ ਲਾਜ਼ਮੀ ਹੈ। ਉਹਨਾਂ ਯਕੀਨ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਯੂਨੀਵਰਸਟੀ ਗੁਰਮੁਖੀ ਲਿਪੀ ਦੇ ਖੇਤਰ ਵਿੱਚ ਖੋਜ ਕਾਰਜ ਕਰਵਾਉਣ ਦੇ ਉਪਰਾਲੇ ਕਰੇਗੀ। ਇਸ ਮੌਕੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਨੇ ਸਾਂਝਾ ਕੀਤਾ ਕਿ ਇਸ ਲੜੀ ਵਿੱਚ ਅਗਲੇ ਭਾਸ਼ਣ ਗੁਰਬਾਣੀ ਵਿਆਕਰਣ ਅਤੇ ਗੁਰਬਾਣੀ ਉਚਾਰਣ ਸਬੰਧੀ ਕਰਵਾਏ ਜਾਣਗੇ। ਸਮਾਗਮ ਦੇ ਅਖੀਰ ਵਿੱਚ ਡਾ. ਸਿਕੰਦਰ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਵਿਦਵਾਨ ਵਕਤਾ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੋਫੈਸਰ ਹਰਭਜਨ ਸਿੰਘ ਦੀ ਗੁਰਮੁਖੀ ਲਿਪੀ ਬਾਰੇ ਕੀਤੀ ਖੋਜ ਸਾਡੇ ਲਈ ਬੇਹਦ ਮੁਲਵਾਨ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਸੁਮਿਤ ਕੁਮਾਰ, ਫਿਜਿਕਸ ਵਿਭਾਗ ਦੀ ਮੁਖੀ ਡਾ. ਪ੍ਰੀਤ ਕੌਰ, ਬਾਇਓ ਟੈਕਨੋਲੋਜੀ ਵਿਭਾਗ ਦੇ ਮੁਖੀ ਡਾ. ਰੁਪਿੰਦਰ ਕੌਰ, ਸੰਗੀਤ ਵਿਭਾਗ ਦੇ ਮੁਖੀ ਹਰਪ੍ਰੀਤ ਸਿੰਘ, ਆਰਟਿਸਟ ਹਰਪ੍ਰੀਤ ਸਿੰਘ ਨਾਜ਼ ਅਤੇ ਵੱਖ ਵੱਖ ਵਿਭਾਗਾਂ ਦੇ ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਸਨ।