ਸ੍ਰੀ ਫ਼ਤਹਿਗੜ੍ਹ ਸਾਹਿਬ/ 6 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਬੀਤੇ ਕਈ ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣੇ ਦੀ ਹੱਦ 'ਤੇ ਸ਼ੰਭੂ ਨਜ਼ਦੀਕ ਧਰਨੇ 'ਤੇ ਬੈਠੀਆਂ ਕਿਸਾਨ ਜਥੇਬੰਦੀਆਂ ਨੂੰ ਉਦੋਂ ਸਦਮਾ ਲੱਗਾ ਜਦੋਂ ਮੰਡੀ ਗੋਬਿੰਦਗੜ੍ਹ ਨੇੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਗਰਮ ਮੈਂਬਰ ਸੁਖਵਿੰਦਰ ਸਿੰਘ ਸੁੱਖਾ (50) ਵਾਸੀ ਪਿੰਡ ਆਦੋਵਾਲੀ(ਬਟਾਲਾ) ਦੀ ਮੌਤ ਹੋ ਗਈ ਜਦੋਂ ਕਿ ਉਸਦਾ ਸਾਥੀ ਬਲਜੀਤ ਸਿੰਘ ਵਾਸੀ ਪਿੰਡ ਰੰਗੜ ਨੰਗਲ(ਬਟਾਲਾ)ਜ਼ਖਮੀ ਹੋ ਗਿਆ।ਮ੍ਰਿਤਕ ਸੁਖਵਿੰਦਰ ਸਿੰਘ ਦੇ ਲੜਕੇ ਜਸੂਨਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਲੰਮੇ ਸਮੇਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਮਕ ਕਿਸਾਨ ਜਥੇਬੰਦੀ ਨਾਲ ਜੁੜੇ ਹੋਏ ਸਨ ਜੋ ਕਿ ਬੀਤੀ 21 ਜੂਨ ਤੋਂ ਸ਼ੰਭੂ ਵਿਖੇ ਧਰਨੇ 'ਤੇ ਹੀ ਮੌਜ਼ੂਦ ਸਨ।ਬੀਤੇ ਦਿਨ ਜਦੋਂ ਉਸਦੇ ਪਿਤਾ ਸੁਖਵਿੰਦਰ ਸਿੰਘ ਆਪਣੇ ਸਾਥੀ ਬਲਜੀਤ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਨੂੰ ਜਾ ਰਹੇ ਸਨ ਤਾਂ ਮੰਡੀ ਗੋਬਿੰਦਗੜ੍ਹ ਦੇ ਭਾਦਲਾ ਕੱਟ ਨਜ਼ਦੀਕ ਤੇਜ਼ ਰਫ਼ਤਾਰ ਨਾਲ ਜਾ ਰਹੇ ਟਰੱਕ ਨੰਬਰ ਆਰ.ਜੇ.11.ਜੀ.ਬੀ-1507 ਨਾਲ ਉਨਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਕਾਰਨ ਉਸਦੇ ਪਿਤਾ ਸੁਖਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਬਲਜੀਤ ਸਿੰਘ ਦਾ ਗੁੱਟ ਟੁੱਟ ਗਿਆ ਤੇ ਹੋਰ ਵੀ ਸੱਟਾਂ ਵੱਜੀਆਂ।ਹਾਦਸਾ ਵਾਪਰਨ ਉਪਰੰਤ ਟਰੱਕ ਦਾ ਡਰਾਇਵਰ ਟਰੱਕ ਮੌਕੇ 'ਤੋਂ ਛੱਡ ਕੇ ਭੱਜ ਗਿਆ।ਜਸਨੂਰ ਸਿੰਘ ਦੇ ਬਿਆਨਾਂ 'ਤੇ ਟਰੱਕ ਦੇ ਚਾਲਕ ਵਿਰੁੱਧ ਅ/ਧ 381,106(1),125(ਏ),125(ਬੀ) ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕਰਕੇ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।