ਜਲੰਧਰ/ਚੰਡੀਗੜ੍ਹ, 7 ਜੁਲਾਈ
ਆਮ ਆਦਮੀ ਪਾਰਟੀ (ਆਪ) ਨੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੌਰ 'ਤੇ ਜ਼ਮੀਨ ਘੁਟਾਲੇ ਤੋਂ ਬਾਅਦ ਇਕ ਵਾਰ ਫਿਰ ਵੱਡਾ ਖ਼ੁਲਾਸਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੇ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਆਪਣੇ ਬੇਟੇ ਨੂੰ ਨਗਰ ਨਿਗਮ ਵਿੱਚ ਜੂਨੀਅਰ ਇੰਜੀਨੀਅਰ (ਜੇ.ਈ.) ਦੇ ਅਹੁਦੇ 'ਤੇ ਭਰਤੀ ਕਰਵਾਇਆ।
ਇਸ ਸਬੰਧੀ ਸੋਮਵਾਰ ਨੂੰ ਪ੍ਰੈਸ ਕਾਨਫ਼ਰੰਸ ਦੌਰਾਨ ਖ਼ੁਲਾਸਾ ਕਰਦਿਆਂ ‘ਆਪ’ ਆਗੂ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਸੁਰਿੰਦਰ ਕੌਰ ਨੇ ਆਪਣੇ ਬੇਟਾ ਕਰਨ ਸੁਮਨ ਨੂੰ 9 ਜਨਵਰੀ 2019 ਨੂੰ ਗ੍ਰੀਟਿਸ਼ ਕੰਪਨੀ ਰਾਹੀਂ ਆਊਟਸੋਰਸਿੰਗ ਆਧਾਰ ’ਤੇ ਨਿਗਮ ਵਿੱਚ ਜੇ.ਈ ਵਜੋਂ ਭਰਤੀ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਜਲੰਧਰ 'ਚ ਹਜ਼ਾਰਾਂ ਦੀ ਗਿਣਤੀ 'ਚ ਇੰਜੀਨੀਅਰਿੰਗ ਦੀਆਂ ਡਿਗਰੀਆਂ ਵਾਲੇ ਨੌਜਵਾਨ ਬੇਰੁਜ਼ਗਾਰ ਬੈਠੇ ਹਨ ਪਰ ਕਾਂਗਰਸ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਉਨ੍ਹਾਂ ਦੀ ਥਾਂ 'ਤੇ ਆਪਣੇ ਬੇਟੇ ਨੂੰ ਨੌਕਰੀ ਦੇ ਦਿੱਤੀ |
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜੇ.ਈ ਭਰਤੀ ਹੋਣ ਤੋਂ ਬਾਅਦ ਵੀ ਕਦੇ ਕੰਮ ’ਤੇ ਨਹੀਂ ਗਿਆ, ਬਸ ਤਨਖ਼ਾਹ ਲੈਂਦਾ ਰਿਹਾ। ਇਹ ਸਪੱਸ਼ਟ ਤੌਰ 'ਤੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਅਤੇ ਆਪਣੇ ਅਹੁਦੇ ਦਾ ਫ਼ਾਇਦਾ ਉਠਾਉਣਾ ਹੈ। ਟੀਨੂੰ ਨੇ ਗ੍ਰੀਟਿਸ਼ ਕੰਪਨੀ ਦੇ ਇਸ ਨਿਯੁਕਤੀ ਸਬੰਧੀ ਸੀਨੀਅਰ ਡਿਪਟੀ ਮੇਅਰ ਦਾ ਰੈਫ਼ਰੈਂਸ ਪੱਤਰ ਵੀ ਮੀਡੀਆ ਨੂੰ ਦਿਖਾਇਆ ਅਤੇ ਕਿਹਾ ਕਿ ਸੁਰਿੰਦਰ ਕੌਰ ਨੇ ਇਸ ਅਹੁਦੇ ਦੀ ਵਰਤੋਂ ਸਿਰਫ਼ ਆਪਣੇ ਪਰਿਵਾਰ ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤਾ ਹੈ।
ਉਨ੍ਹਾਂ ਇਸ ਮਾਮਲੇ ’ਤੇ ਸੁਰਿੰਦਰ ਕੌਰ ਤੋਂ ਜਵਾਬ ਮੰਗਦਿਆਂ ਕਿਹਾ ਕਿ ਇਹ ਅਸਲ ਵਿੱਚ ਕਾਂਗਰਸ ਪਾਰਟੀ ਦਾ ਕੱਲਚਰ ਹੈ। ਸੱਤਾ ਮਿਲਣ ਤੋਂ ਬਾਅਦ ਇਸ ਦੇ ਆਗੂ ਆਮ ਲੋਕਾਂ ਦੀ ਬਜਾਏ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੇ ਆਰਥਿਕ ਵਿਕਾਸ ਲਈ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਨੀਤੀ ਗ਼ਰੀਬਾਂ ਦਾ ਪੈਸਾ ਲੁੱਟ ਕੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਵੰਡਣ ਦੀ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਜਦੋਂ ਨੌਕਰੀ ਦੇਣ ਦੀ ਗੱਲ ਆਈ ਤਾਂ ਇਸ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿੱਤੀ। ਸੁਰਿੰਦਰ ਕੌਰ ਦਾ ਮਾਮਲਾ ਕਾਂਗਰਸ ਦੇ ਇਸੇ ਕਲਚਰ ਦੀ ਮਿਸਾਲ ਹੈ।
ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਪੰਜ ਸਾਲ ਸੀਨੀਅਰ ਡਿਪਟੀ ਮੇਅਰ ਰਹੀ, ਪਰ ਆਮ ਲੋਕਾਂ ਲਈ ਕਦੇ ਹਾਜ਼ਰ ਨਹੀਂ ਹੋਈ। ਉਨ੍ਹਾਂ ਦਾ ਦਫ਼ਤਰ ਹਮੇਸ਼ਾ ਬੰਦ ਹੀ ਰਹਿੰਦਾ ਸੀ। ਡਿਪਟੀ ਮੇਅਰ ਹੁੰਦਿਆਂ ਉਹ ਆਪਣੇ ਵਾਰਡ ਵਿੱਚ ਟਿਊਬਵੈੱਲ ਵੀ ਨਹੀਂ ਲਗਵਾ ਸਕੀ।
ਬੀਤੇ ਦਿਨੀਂ ਪਵਨ ਟੀਨੂੰ ਨੇ ਸੁਰਿੰਦਰ ਕੌਰ ਦੇ ਬੇਟੇ 'ਤੇ ਦਿਓਲ ਨਗਰ, ਜਲੰਧਰ 'ਚ ਕੋਕਾ ਕੋਲਾ ਕੰਪਨੀ ਦੀ 125 ਮਰਲੇ ਕਮਰਸ਼ੀਅਲ ਜ਼ਮੀਨ ਨੂੰ ਰਿਹਾਇਸ਼ੀ ਪਲਾਟ ਬਣਾ ਕੇ ਨਾਜਾਇਜ਼ ਤੌਰ 'ਤੇ ਵੇਚਣ ਦਾ ਦੋਸ਼ ਲਗਾਇਆ ਸੀ ਅਤੇ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਸੀ।
ਪਵਨ ਟੀਨੂੰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਲੰਧਰ ਦਾ ਵਿਕਾਸ ਉਦੋਂ ਹੀ ਹੋ ਸਕਦਾ ਹੈ ਜਦੋਂ ਇਮਾਨਦਾਰ ਲੋਕ ਵਿਧਾਇਕ ਅਤੇ ਮੰਤਰੀ ਬਣਨ। ਇਸ ਲਈ ਭ੍ਰਿਸ਼ਟ ਆਗੂਆਂ ਨੂੰ ਵੋਟਾਂ ਰਾਹੀਂ ਜਵਾਬ ਦਿਓ ਅਤੇ ਮੋਹਿੰਦਰ ਭਗਤ ਵਰਗੇ ਇਮਾਨਦਾਰ ਵਿਅਕਤੀ ਨੂੰ ਆਪਣਾ ਨੁਮਾਇੰਦਾ ਚੁਣੋ।