ਸ੍ਰੀ ਫ਼ਤਹਿਗੜ੍ਹ ਸਾਹਿਬ/ 8 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਸੀ.ਆਈ.ਏ. ਸਟਾਫ ਸਰਹਿੰਦ ਵੱਲੋਂ ਲੱੁਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।ਆਪਣੇ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਸ.ਪੀ.(ਡੀ) ਫ਼ਤਹਿਗੜ੍ਹ ਸਾਹਿਬ ਰਕੇਸ਼ ਯਾਦਵ ਨੇ ਦੱਸਿਆ ਕਿ ਜ਼ਿਲਾ ਪੁਲਿਸ ਮੁਖੀ ਡਾ.ਰਵਜੋਤ ਗਰੇਵਾਲ ਦੇ ਆਦੇਸ਼ਾਂ 'ਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਸਰਹਿੰਦ ਦੇ ਇੰਚਾਰਜ ਸਬ-ਇੰਸਪੈਕਟਰ ਨਰਪਿੰਦਰ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਸੀ.ਆਈ.ਏ. ਦੀ ਟੀਮ ਨੇ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।ਉਨਾਂ ਦੱਸਿਆ ਕਿ ਇਸ ਮਾਮਲੇ 'ਚ ਹਰਵਿੰਦਰ ਸਿੰਘ,ਅਜੇ ਕੁਮਾਰ,ਬਲਵਿੰਦਰ ਸਿੰਘ ਵਾਸੀਆਨ ਰਾਜਪੁਰਾ,ਸੂਰਜ ਕੁਮਾਰ ਵਾਸੀ ਪਿੰਡ ਭਟੇੜੀ(ਪਟਿਆਲਾ),ਅਰਸ਼ਦੀਪ ਸਿੰਘ ਉੁਰਫ ਕਾਸ਼ੀ ਵਾਸੀ ਭਾਦਸੋਂ(ਪਟਿਆਲਾ) ਅਤੇ ਗੁਰਵੀਰ ਸਿੰਘ ਵਾਸੀ ਪਿੰਡ ਸਕਰਾਲੀ(ਪਟਿਆਲਾ) ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਹਰਵਿੰਦਰ ਸਿੰਘ ਵਿਰੁੱਧ ਜ਼ਿਲਾ ਪਟਿਆਲਾ ਵਿੱਚ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਹਨ ਜਿਸ ਦੇ ਕਬਜ਼ੇ 'ਚੋਂ ਇੱਕ ਕਮਾਣੀਦਾਰ ਚਾਕੂ ਬਰਾਮਦ ਹੋਇਆ ਹੈ,ਅਜੈ ਕੁਮਾਰ ਵਿਰੁੱਧ ਰਾਜਪੁਰਾ ਵਿਖੇ ਪਹਿਲਾਂ ਇੱਕ ਮੁਕੱਦਮਾ ਦਰਜ ਹੈ ਜਿਸ ਦੇ ਕਬਜ਼ੇ 'ਚੋਂ ਦਾਤ ਲੋਹਾ ਬਰਾਮਦ ਹੋਇਆ ਹੈ,ਬਲਵਿੰਦਰ ਸਿੰਘ ਵਿਰੁੱਧ ਐਸ.ਟੀ.ਐਫ. ਥਾਣਾ ਮੋਹਾਲੀ ਅਤੇ ਰਾਜਪੁਰਾ ਵਿਖੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਹਨ ਜਿਸ ਦੇ ਕਬਜ਼ੇ 'ਚੋਂ ਇੱਕ ਪਿਸਟਲ .315 ਬੋਰ ਸਮੇਤ ਜਿੰਦਾ ਰੌਂਦ ਅਤੇ ਇੱਕ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਹੋਇਆ ਹੈ,ਸੂਰਜ ਕੁਮਾਰ ਦੇ ਕਬਜ਼ੇ 'ਚੋਂ ਦਾਤ ਲੋਹਾ ਬਰਾਮਦ ਹੋਇਆ ਹੈ,ਅਰਸ਼ਦੀਪ ਸਿੰਘ ਉਰਫ ਕਾਸ਼ੀ ਦੇ ਕਬਜ਼ੇ 'ਚੋਂ ਗੰਡਾਸੀ ਲੋਹਾ ਅਤੇ ਇੱਕ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਹੋਇਆ ਹੈ ਜਦੋਂ ਕਿ ਗੁਰਵੀਰ ਸਿੰਘ ਦੇ ਕਬਜ਼ੇ 'ਚੋਂ ਲੋਹੇ ਦਾ ਸਰੀਆ ਬਰਾਮਦ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਉਪਰੋਕਤ ਵਿਅਕਤੀਆਂ ਵਿਰੁੱਧ ਥਾਣਾ ਸਰਹਿੰਦ ਵਿਖੇ ਅ/ਧ 310(4),310(5) ਬੀ.ਐਨ.ਐਸ. ਅਤੇ ਅਸਲਾ ਐਕਟ ਦੀ ਧਾਰਾ 25/54/59 ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।