ਸ੍ਰੀ ਫ਼ਤਹਿਗੜ੍ਹ ਸਾਹਿਬ/9 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਜਿਲੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਆਮ ਆਦਮੀ ਕਲੀਨਿਕ ਦਾ ਆਮ ਲੋਕਾਂ ਨੂੰ ਵੱਡਾ ਫਾਇਦਾ ਹੋ ਰਿਹਾ ਹੈ।ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਉਸ ਸਮੇਂ ਕੀਤਾ ਜਦੋਂ ਉਹ ਡਾਕਟਰਾਂ ਦੀ ਇੰਟਰਵਿਊ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਸਰਕਾਰ ਵੱਲੋਂ 20 ਆਮ ਆਦਮੀ ਕਲੀਨਿਕ ਖੋਲੇ ਗਏ ਹਨ ,ਜਿੱਥੇ ਆਮ ਲੋਕਾਂ ਦਾ ਇਲਾਜ, ਮੈਡੀਕਲ ਚੈੱਕ ਅਪ, ਦਵਾਈਆਂ ਅਤੇ ਲੈਬਾਰਟਰੀ ਟੈਸਟ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਨਬੀਪੁਰ ਅਤੇ ਛਲੇੜੀ ਖੁਰਦ ਵਿਖੇ ਸਥਿਤ ਆਮ ਆਦਮੀ ਕਲੀਨਕਾ ਤੇ ਡਾਕਟਰਾਂ ਦੀਆਂ ਖਾਲੀ ਪਈਆਂ ਦੋ ਪੋਸਟਾਂ ਲਈ ਇਸ਼ਤਿਹਾਰ ਮੁਤਾਬਕ ਅੱਜ ਵਾਕ ਇਨ ਇੰਟਰਵਿਊ ਤੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿਲ ਦੀ ਅਗਵਾਈ ਹੇਠ ਬਣੀ ਚੋਣ ਕਮੇਟੀ ਅੱਗੇ 9 ਡਾਕਟਰ ਹਾਜ਼ਰ ਹੋਏ ਜਿਨਾਂ ਦੀ ਮੈਰਿਟ ਲਿਸਟ ਬਣਾ ਕੇ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਜਿਨਾਂ ਵਿੱਚ ਦੋ ਡਾਕਟਰਾਂ ਦੀ ਚੋਣ ਕਰਕੇ ਸੰਬੰਧਤ ਸਟੇਸ਼ਨਾਂ ਤੇ ਜਲਦੀ ਹੀ ਤਾਇਨਾਤ ਕੀਤਾ ਜਾਵੇਗਾ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਸਵਪਨਜੀਤ ਕੌਰ ,ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ, ਜਿਲਾ ਐਪੀਡਿਮੋਲੋਜਿਸਟ ਡਾ. ਦੀਪਤੀ ਅਤੇ ਜਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ ਵੀ ਹਾਜਰ ਸਨ।