ਸ੍ਰੀ ਫ਼ਤਹਿਗੜ੍ਹ ਸਾਹਿਬ/ 10 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਸਟਾਫ ਨਾਲ ਬਦਸਲੂਕੀ ਕਰਨ ਅਤੇ ਰਿਸ਼ਵਤ ਮੰਗਣ ਜਿਹੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਬੀ.ਡੀ.ਪੀ.ਓ. ਸਰਹਿੰਦ ਰਮੇਸ਼ ਕੁਮਾਰ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ(ਆਈ.ਏ.ਐਸ.) ਦੇ ਹੁਕਮਾਂ 'ਤੇ ਵਿਭਾਗ ਵੱਲੋਂ ਸਰਕਾਰੀ ਸੇਵਾ ਤੋਂ ਮੁਅੱਤਲ ਕਰ ਦਿੱਤੇ ਜਾਣ ਦੀ ਸੂਚਨਾ ਹੈ।ਇਸ ਸਬੰਧੀ ਪ੍ਰਾਪਤ ਹੋਏ ਹੁਕਮਾਂ ਦੀ ਕਾਪੀ ਅਨੁਸਾਰ ਬੀ.ਡੀ.ਪੀ.ਓ. ਦਫਤਰ ਖੇੜਾ ਦੇ ਸੀਨੀਅਰ ਸਹਾਇਕ(ਲੇਖਾ) ਚੰਦ ਸਿੰਘ ਨੂੰ ਬੀ.ਡੀ.ਪੀ.ਓ. ਸਰਹਿੰਦ ਦਾ ਚਾਰਜ ਸੰਭਾਲਣ ਦੀ ਹਦਾਇਤ ਕੀਤੀ ਗਈ ਸੀ ਜਿਨਾਂ ਵੱਲੋਂ ਅੱਜ ਬੀ.ਡੀ.ਪੀ.ਓ. ਦਫਤਰ ਸਰਹਿੰਦ ਵਿਖੇ ਪਹੁੰਚ ਕੇ ਅਹੁਦਾ ਸੰਭਾਲ ਲਿਆ ਗਿਆ।ਬੀ.ਡੀ.ਪੀ.ਓ. ਦਫਤਰ ਸਰਹਿੰਦ ਪਹੁੰਚਣ 'ਤੇ ਸਟਾਫ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਚੰਦ ਸਿੰਘ ਦਾ ਸਵਾਗਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਮੁਅੱਤਲ ਕੀਤੇ ਗਏ ਬੀ.ਡੀ.ਪੀ.ਓ. ਸਰਹਿੰਦ ਰਮੇਸ਼ ਕੁਮਾਰ ਦੇ ਵਤੀਰੇ ਤੋਂ ਕਥਿਤ ਤੌਰ 'ਤੇ ਤੰਗ ਆਏ ਕਰਮਚਾਰੀ/ਅਧਿਕਾਰੀ ਬੀਤੀ 5 ਜੁਲਾਈ ਨੂੰ ਅਣਮਿਥੇ ਸਮੇਂ ਦੀ ਹੜਤਾਲ 'ਤੇ ਚਲੇ ਗਏ ਸਨ ਜਿਨਾਂ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਬੀ.ਡੀ.ਪੀ.ਓ. ਰਮੇਸ਼ ਕੁਮਾਰ 'ਤੇ ਵਿਕਾਸ ਕਾਰਜਾਂ ਦੇ ਚੈੱਕ ਪਾਸ ਕਰਵਾਉਣ ਬਦਲੇ ਰਿਸ਼ਵਤ ਮੰਗਣ,ਸਟਾਫ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਮਹਿਲਾ ਕਰਮਚਾਰੀਆਂ ਨਾਲ ਬਦਸਲੂਕੀ ਕਰਨ ਜਿਹੇ ਗੰਭੀਰ ਦੋਸ਼ ਲਗਾਏ ਸਨ।ਉਕਤ ਮਾਮਲੇ ਦੀਆਂ ਰਿਪੋਰਟਾਂ ਮੀਡੀਆ 'ਚ ਪ੍ਰਕਾਸ਼ਿਤ ਹੋਣ ਉਪਰੰਤ ਸਰਕਾਰ ਵੱਲੋਂ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸਬੰਧਿਤ ਅਧਿਕਾਰੀ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਜਿਸ 'ਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸੀਨੀਅਰ ਸਹਾਇਕ(ਲੇਖਾ) ਰਮੇਸ਼ ਕੁਮਾਰ ਜਿਸ ਕੋਲ ਬੀ.ਡੀ.ਪੀ.ਓ. ਸਰਹਿੰਦ ਦਾ ਚਾਰਜ ਸੀ ਨੂੰ ਪੰਜਾਬ ਸਿਵਲ ਸੇਵਾਵਾਂ(ਸਜ਼ਾ ਅਤੇ ਅਪੀਲ)ਨਿਯਮਾਂਵਲੀ 1970 ਦੇ ਨਿਯਮ 4(1) ਤਹਿਤ ਸਰਕਾਰੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ।