ਸ੍ਰੀ ਫ਼ਤਹਿਗੜ੍ਹ ਸਾਹਿਬ/11 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਇਲਾਕੇ ਦੇ ਇੱਕੋ ਇੱਕ ਸਰਕਾਰੀ ਕਾਲਜ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਡਾ. ਵਨੀਤਾ ਗਰਗ ਨੇ ਬਤੌਰ ਇੰਚਾਰਜ (ਪ੍ਰਿੰਸੀਪਲ) ਅਹੁਦਾ ਸੰਭਾਲ ਲਿਆ ਹੈ। ਡਾ. ਵਨੀਤਾ ਗਰਗ ਦਾ ਸਮੂਹ ਸਟਾਫ਼ ਅਤੇ ਕਾਲਜ ਦੇ ਪੁਰਾਣੇ ਮੁਖੀ ਡਾ. ਜਤਿੰਦਰ ਸਿੰਘ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਕਾਲਜ ਦੇ ਪੀਆਰਓ ਰਵੀ ਸ਼ੰਕਰ ਨੇ ਦੱਸਿਆ ਕਿ ਅਹੁਦਾ ਸੰਭਾਲਣ ਉਪਰੰਤ ਡਾ. ਵਨੀਤਾ ਗਰਗ ਨੇ ਵਿਸ਼ਵਾਸ ਦਵਾਇਆ ਕਿ ਉਹ ਕਾਲਜ ਅਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਪ੍ਰਿੰਸੀਪਲ ਡਾ. ਵਨੀਤਾ ਗਰਗ ਨੇ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਕਾਲਜ ਵਿਖੇ ਸਾਲ 2024-25 ਸੈਸ਼ਨ ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ। ਜਿਹਨਾਂ ਵਿੱਚ ਬੀ.ਏ, ਬੀ.ਸੀ.ਏ, ਬੀ.ਕਾਮ, ਬੀ.ਐਸ.ਸੀ, ਬੀ.ਬੀ.ਏ, ਪੀ.ਜੀ.ਡੀ.ਸੀ.ਏ, ਐਮ. ਏ (ਪੰਜਾਬੀ, ਇਤਿਹਾਸ, ਰਾਜਨੀਤੀ ਸ਼ਾਸਤਰ ਅਤੇ ਸਮਾਜ ਸ਼ਾਸਤਰ) ਅਤੇ ਐਮ.ਕਾਮ ਦੇ ਕੋਰਸ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਨਰਲ ਵਰਗ ਦੀ ਵਿਦਿਆਰਥੀਆਂ ਦੀ ਫ਼ੀਸ ਦੂਜੇ ਕਾਲਜਾਂ ਦੇ ਮੁਕਾਬਲੇ ਸਾਡੇ ਕਾਲਜ ਵਿੱਚ ਤਿੰਨ ਗੁਣਾ ਘੱਟ ਹੈ ਅਤੇ ਐਸ.ਸੀ. ਵਿਦਿਆਰਥੀਆਂ ਲਈ ਸਿੱਖਿਆ ਪੰਜਾਬ ਸਰਕਾਰ ਦੇ ਨਿਯਮਾਂ ਅਧੀਨ ਹੈ। ਇਸ ਤੋਂ ਇਲਾਵਾ ਹਰ ਵਰਗ ਦੇ ਹੋਣਹਾਰ ਵਿਦਿਆਰਥੀਆਂ ਲਈ ਵਜੀਫ਼ੇ ਦੀ ਸੁਵਿਧਾ ਵੀ ਉਪਲਬਧ ਹੈ। ਕਾਲਜ ਵਿੱਚ ਤਜਰਬੇਕਾਰ ਅਤੇ ਉੱਚ ਸਿੱਖਿਅਤ ਸਟਾਫ਼ ਹੈ ਅਤੇ ਕਾਲਜ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।