ਸ੍ਰੀ ਫ਼ਤਿਹਗੜ੍ਹ ਸਾਹਿਬ/ 12 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਨਾਰਦਨ ਰੇਲਵੇ ਮੈਂਨਜ਼ ਯੂਨੀਅਨ ਸਰਹਿੰਦ ਬ੍ਰਾਂਚ ਵੱਲੋਂ ਸਰਹਿੰਦ ਰੇਲਵੇ ਸਟੇਸ਼ਨ ਵਿਖੇ ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ ਅਤੇ ਨਾਰਦਨ ਰੇਲਵੇ ਮੈਨਜ਼ ਯੂਨੀਅਨ ਦੇ ਸੱਦੇ ਉੱਪਰ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਦੇਰੀ ਖਿਲਾਫ ਇੱਕ ਰੋਜ਼ਾ ਚੇਤਾਵਨੀ ਦਿਵਸ ਸਬੰਧੀ ਗੇਟ ਮੀਟਿੰਗ/ ਰੈਲੀ ਕੀਤੀ ਗਈ। ਇਸ ਗੇਟ ਰੈਲੀ ਵਿੱਚ ਸਰਹਿੰਦ ,ਰਾਜਪੁਰਾ, ਖੰਨਾ, ਦੁਰਾਹਾ, ਮੰਡੀ ਗੋਬਿੰਦਗੜ੍ਹ, ਰੋਪੜ, ਨੰਗਲ ਡੈਮ, ਅੰਬ ਅੰਦੋਰਾ ਦੇ ਰੇਲਵੇ ਕਰਮਚਾਰੀਆਂ ਨੇ ਭਾਗ ਲਿਆ।ਮੀਟਿੰਗ ਦੀ ਪ੍ਰਧਾਨਗੀ ਨਾਰਦਨ ਰੇਲਵੇ ਮੈਨਜ਼ ਯੂਨੀਅਨ ਸਰਹਿੰਦ ਬ੍ਰਾਂਚ ਦੇ ਬ੍ਰਾਂਚ ਸੈਕਟਰੀ ਜਗਦੀਪ ਸਿੰਘ ਕਾਹਲੋਂ ਅਤੇ ਬਰਾਂਚ ਪ੍ਰਧਾਨ ਸੰਜੀਵ ਕੁਮਾਰ ਵਰਮਾ ਨੇ ਕੀਤੀ। ਸੈਕਟਰੀ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕੇਂਦਰ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਕਰਮਚਾਰੀਆਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਅਤੇ ਦੇਸ਼ ਵਿਚਲੇ ਸਭ ਤੋਂ ਅਹਿਮ ਮੁੱਦੇ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਕੇਂਦਰ ਸਰਕਾਰ ਲਗਾਤਾਰ ਦੇਰੀ ਕਰ ਰਹੀ ਹੈ ਤੇ ਜਿਹੜੇ ਕਰਮਚਾਰੀ 01.01.2004 ਤੋਂ ਬਾਅਦ ਕਿਸੇ ਵੀ ਅਦਾਰੇ ਵਿੱਚ ਭਰਤੀ ਹੋਏ ਹਨ ਉਹਨਾਂ ਨੂੰ ਪੁਰਾਣੀ ਪੈਨਸ਼ਨ ਤੋਂ ਵਾਂਝਾ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ ਪਹਿਲਾਂ ਵੀ ਜਦੋਂ ਦੇਸ਼ ਵਿੱਚ ਪੈਨਸ਼ਨ ਨਹੀਂ ਸੀ ਤਾਂ ਪੈਨਸ਼ਨ ਦਾ ਹੱਕ ਲੈਣ ਲਈ ਰੇਲਵੇ ਨੂੰ ਵੱਡੀ ਹੜਤਾਲ ਕਰਨੀ ਪਈ ਸੀ ਤਾਂ ਜਾ ਕੇ ਪੁਰਾਣੀ ਪੈਨਸ਼ਨ ਬਹਾਲ ਹੋਈ ਸੀ। ਉਹਨਾਂ ਕਿਹਾ ਕਿ ਪੈਨਸ਼ਨ ਬੁਢਾਪੇ ਦਾ ਸਹਾਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਦੇ ਨੌਜਵਾਨਾਂ ਨੂੰ ਸੇਵਾ ਮੁਕਤੀ 'ਤੇ ਪੈਨਸ਼ਨ ਨਹੀਂ ਮਿਲੇਗੀ ਤਾਂ ਬੁਢਾਪੇ ਵਿੱਚ ਉਹ ਜ਼ਿੰਦਗੀ ਕਿਵੇਂ ਬਤੀਤ ਕਰਨਗੇ।ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ ਪਿਛਲੇ ਲੰਬੇ ਸਮੇਂ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ ਅਤੇ ਅੱਜ ਪੂਰੇ ਭਾਰਤ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਗੇਟ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਲੈ ਕੇ ਕੋਈ ਹੱਲ ਨਹੀਂ ਕੱਢਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਬ੍ਰਾਂਚ ਪ੍ਰਧਾਨ ਸੰਜੀਵ ਵਰਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਪੁਰਾਣੀ ਪੈਨਸ਼ਨ ਦੇ ਮੁੱਦੇ ਉੱਪਰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ ਕਿਉਂਕਿ ਇਹ ਮੁੱਦਾ ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ਨੂੰ ਪੂਰੀ ਗੰਭੀਰਤਾ ਨਾਲ ਲੈਣ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕਰਨ। ਇਸ ਮੌਕੇ ਸੁਮਿਤ ਕੁਮਾਰ, ਭੁਪਿੰਦਰ ਸਿੰਘ ਗੁਰਦੀਪ ਸਿੰਘ, ਉੱਤਮ ਗੁਪਤਾ,ਰਣਜੀਤ ਸਿੰਘ, ਕ੍ਰਿਸ਼ਨ ਸਿੰਘ, ਰਜਨੀਸ਼ ਸੈਣੀ, ਹਰਦੀਪ ਕੁਮਾਰ, ਸੰਜੀਵ ਕੁਮਾਰ ,ਮੁਹੰਮਦ ਅੰਸਾਰੀ, ਤੇਜ ਸਿੰਘ ਮੀਨਾ ਬਲਰਾਮ, ਕਰਨੈਲ ਸਿੰਘ ਟੀ ਆਰਡੀ ਸਰਹਿੰਦ, ਮੈਡਮ ਸੀਮਾ ਅਤੇ ਸੈਂਕੜੇ ਰੇਲਵੇ ਕਰਮਚਾਰੀ ਹਾਜ਼ਰ ਸਨ।