ਸ੍ਰੀ ਫ਼ਤਹਿਗੜ੍ਹ ਸਾਹਿਬ/ 12 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਜੀ.ਆਰ.ਪੀ. ਥਾਣਾ ਸਰਹਿੰਦ ਜਿਸ ਦਾ ਕਾਰਜ ਖੇਤਰ ਫ਼ਤਹਿਗੜ੍ਹ ਸਾਹਿਬ, ਰੂਪਨਗਰ ਅਤੇ ਮੋਹਾਲੀ ਜ਼ਿਲਿਅ੍ਹਾਂ ਤੱਕ ਫੈਲਿਆ ਹੋਇਆ ਹੈ ਵੱਲੋਂ ਛਾਂਦਾਰ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਐਸ.ਐਚ.ਓ. ਜੀ.ਆਰ.ਪੀ. ਥਾਣਾ ਸਰਹਿੰਦ ਸਬ-ਇੰਸਪੈਕਟਰ ਰਤਨ ਲਾਲ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਸਪੈਸ਼ਲ ਡੀ.ਜੀ.ਪੀ. ਰੇਲਵੇਜ਼ ਪੰਜਾਬ,ਪਟਿਆਲਾ ਅਤੇ ਸਹਾਇਕ ਇੰਸਪੈਕਟਰ ਜਨਰਲ ਰੇਲਵੇਜ਼ ਪੰਜਾਬ,ਪਟਿਆਲਾ ਦੀਆਂ ਹਦਾਇਤਾਂ ਮੁਤਾਬਿਕ ਛਾਂਦਾਰ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਰੇਲਵੇ ਸਟੇਸ਼ਨ ਸਰਹਿੰਦ ਦੇ ਏਰੀਏ 'ਚ ਅੱਜ 10 ਬੂਟੇ ਲਗਾਏ ਗਏ ਹਨ।ਉਨਾਂ ਦੱਸਿਆ ਕਿ ਇਸ ਥਾਣੇ ਦੀ ਹੱਦ ਅੰਦਰ ਪੈਂਦੀਆਂ ਚੌਂਕੀਆਂ/ਅਸਾਲਟ ਪੋਸਟਾਂ ਵਿਖੇ ਤਾਇਨਾਤ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਹਰ ਚੌਂਕੀ ਘੱਟੋ-ਘੱਟ 10 ਬੂਟੇ ਜ਼ਰੂਰ ਲਗਾਵੇ ਤੇ ਬੂਟਿਆਂ ਦੀ ਸਾਂਭ-ਸੰਭਾਲ ਕਰਨੀ ਯਕੀਨੀ ਬਣਾਈ ਜਾਵੇ ਕਿਉਂਕਿ ਬੂਟੇ ਲਗਾਉਣ ਦਾ ਲਾਭ ਤਾਂ ਹੀ ਹੋਵੇਗਾ ਜੇ ਉਸਦੀ ਸਾਂਭ-ਸੰਭਾਲ ਹੋਵੇਗੀ।