ਸ੍ਰੀ ਫ਼ਤਹਿਗੜ੍ਹ ਸਾਹਿਬ/16 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
“ਇਹ ਬਹੁਤ ਹੀ ਦੁੱਖ ਤੇ ਅਫਸੋਸ ਵਾਲੀਆ ਕਾਰਵਾਈਆ ਲੰਮੇ ਸਮੇ ਤੋ ਹੁੰਦੀਆਂ ਆ ਰਹੀਆ ਹਨ ਕਿ ਜਿਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਸਥਾਂਨ ਨੂੰ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸਿਧਾਂਤ ਨੂੰ ਉਜਾਗਰ ਤੇ ਮਜਬੂਤ ਕਰਨ ਹਿੱਤ ਹੋਦ ਵਿਚ ਲਿਆਂਦਾ ਸੀ ਅਤੇ ਸਿੱਖ ਕੌਮ ਦੀ ਨਿਵੇਕਲੀ ਤੇ ਅਣਖੀਲੀ ਪਹਿਚਾਣ ਨੂੰ ਕਾਇਮ ਰੱਖਣ ਵਾਲੀ ਸੰਸਥਾਂ ਹੈ, ਉਸਦੀ ਬਾਦਲ ਪਰਿਵਾਰ ਵੱਲੋ ਆਪਣੇ ਸਿਆਸੀ, ਮਾਲੀ ਅਤੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਦੁਰਵਰਤੋ ਕਰਕੇ ਇਸਦੇ ਵੱਡੇ ਮਾਣ-ਸਨਮਾਨ ਨੂੰ ਡੂੰਘੀ ਠੇਸ ਹੀ ਨਹੀ ਪਹੁੰਚਾਉਦੇ ਆ ਰਹੇ ਬਲਕਿ ਜਿਥੋ ਹੋਣ ਵਾਲੇ ਹੁਕਮਨਾਮਿਆ ਨੂੰ ਸਿੱਖ ਕੌਮ ਉਸ ਅਕਾਲ ਪੁਰਖ ਦਾ ਹੁਕਮ ਪ੍ਰਵਾਨ ਕਰਦੀ ਹੈ, ਉਸ ਸਥਾਂਨ ਦੀ ਸਰਬਉੱਚਤਾਂ, ਮਰਿਯਾਦਾਵਾਂ ਤੇ ਨਿਯਮਾਂ ਦਾ ਘਾਣ ਕਰਦੇ ਹੋਏ ਬਾਦਲ ਪਰਿਵਾਰ ਮੁਲੀਨ ਹੋਇਆ ਪਿਆ ਹੈ । ਜਦੋਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ, ਐਸ.ਜੀ.ਪੀ.ਸੀ ਅਤੇ ਸ਼੍ਰੋਮਣੀ ਅਕਾਲੀ ਦਲ ਕੌਮੀ ਸੰਸਥਾਵਾਂ ਹਨ ਨਾ ਕਿ ਕਿਸੇ ਇਕ ਪਰਿਵਾਰ ਜਾਂ ਵਿਅਕਤੀ ਦੀ ਨਿੱਜੀ ਮਲਕੀਅਤ ।” ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨ ਸੰਸਥਾਵਾਂ ਦੀ ਜਾਂ ਸਿੱਖੀ ਉੱਚ ਮਰਿਯਾਦਾਵਾਂ, ਨਿਯਮਾਂ ਦੀ ਉਲੰਘਣਾ ਕਰਨ ਦੀ ਇਨ੍ਹਾਂ ਵਿਚੋ ਕਿਸੇ ਨੂੰ ਵੀ ਇਜਾਜਤ ਨਹੀ ਹੈ । ਭਾਵੇ ਉਹ ਸੁਖਬੀਰ ਸਿੰਘ ਬਾਦਲ ਹੋਣ,ਢੀਂਡਸਾ ਹੋਵੇ ਜਾਂ ਚੰਦੂਮਾਜਰਾ ਆਦਿ ਕੋਈ ਵੀ ਹੋਵੇ । ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਦੇ ਮਾਲਕ ਉਹ ਅਕਾਲ ਪੁਰਖ ਹਨ ਅਤੇ ਦੁਨਿਆਵੀ ਮਾਲਕ ਸਮੁੱਚੀ ਸਿੱਖ ਕੌਮ ਹੈ ਨਾ ਕਿ ਦਾਗੋ ਦਾਗ ਹੋਏ ਇਨ੍ਹਾਂ ਦੋਵਾਂ ਧਿਰਾਂ ਦੇ ਆਗੂ । ਇਸ ਲਈ ਬਾਦਲ ਪਰਿਵਾਰ ਤੇ ਦੁਰਕਾਰੇ ਜਾ ਚੁੱਕੇ ਆਗੂਆ ਨੂੰ ਕੋਈ ਹੱਕ ਨਹੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ, ਐਸ.ਜੀ.ਪੀ.ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆ ਉਪਰੰਤ ਹੋਦ ਵਿਚ ਆਈਆ ਸੰਸਥਾਵਾਂ ਦੇ ਨਾਮ ਦੀ ਦੁਰਵਰਤੋ ਕਰਕੇ ਆਪੋ ਆਪਣੇ ਸਿਆਸੀ ਰੁਤਬਿਆ ਤੇ ਚੌਧਰਾਂ ਨੂੰ ਕਾਇਮ ਰੱਖਣ । ਉਨ੍ਹਾਂ ਕਿਹਾ ਕਿ ਮੌਜੂਦਾ ਤਖਤਾਂ ਉਤੇ ਬਿਰਾਜਮਾਨ ਸਿੰਘ ਸਾਹਿਬਾਨ ਨੂੰ ਵੀ ਚਾਹੀਦਾ ਹੈ ਕਿ ਉਹ ਪੁਰਾਤਨ ਸਤਿਕਾਰਿਤ ਜਥੇਦਾਰ ਅਕਾਲੀ ਫੂਲਾ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਹੈੱਡਗ੍ਰੰਥੀ ਬਾਬਾ ਬੁੱਢਾ ਜੀ ਦੇ ਮਨੁੱਖਤਾ ਪੱਖੀ ਮਹਾਨ ਤੇ ਦ੍ਰਿੜਤਾ ਭਰੇ ਜੀਵਨ ਤੋ ਸੇਧ ਲੈਕੇ ਕੌਮੀ ਪ੍ਰੰਪਰਾਵਾਂ ਤੇ ਨਿਯਮਾਂ ਦੇ ਹੋ ਰਹੇ ਉਲੰਘਣ ਵਾਲੇ ਦੁੱਖਦਾਇਕ ਅਮਲ ਦਾ ਖਾਤਮਾ ਕਰਨ ਲਈ ਉੱਦਮ ਕਰਨ।