ਸ੍ਰੀ ਫ਼ਤਹਿਗੜ੍ਹ ਸਾਹਿਬ/16 ਅਗਸਤ :(ਰਵਿੰਦਰ ਸਿੰਘ ਢੀਂਡਸਾ)ਕਲਕੱਤਾ ਮੈਡੀਕਲ ਕਾਲਜ ਦੀ ਰੈਜੀਡੈਂਟ ਡਾਕਟਰ ਨਾਲ ਜਬਰ ਜਨਾਹ ਕਰਨ ਮਗਰੋਂ ਬੇਰਹਿਮੀ ਨਾਲ ਹੱਤਿਆ ਕਰਨ ਦੇ ਵਿਰੋਧ ਵਿੱਚ ਪੀ.ਸੀ.ਐਮ.ਐਸ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਸੂਬੇ ਅੰਦਰ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਸ ਤਹਿਤ ਅੱਜ ਜ਼ਿਲਾ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਸਮੂਹ ਡਾਕਟਰਾਂ ਵੱਲੋਂ ਓ.ਪੀ.ਡੀ ਸੇਵਾਵਾਂ ਠੱਪ ਕਰਕੇ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਡਾਕਟਰ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਜਦਕਿ ਡਾਕਟਰਾਂ ਵੱਲੋਂ ਐਮਰਜੈਂਸੀ ਸਿਹਤ ਸੇਵਾਵਾਂ ਆਮ ਦਿਨਾਂ ਵਾਂਗ ਨਿਰਵਿਘਨ ਜਾਰੀ ਰੱਖੀਆਂ ਗਈਆਂ । ਪੀ.ਸੀ.ਐਮ.ਐਸ. ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਡਾ. ਕੰਵਰਪਾਲ ਸਿੰਘ ਨੇ ਕਿਹਾ ਕਿ ਇਸ ਪ੍ਰਦਰਸ਼ਨ ਦਾ ਮੰਤਵ ਉਕਤ ਦੁਖਦਾਈ ਘਟਨਾ ਪ੍ਰਤੀ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨਾ ਅਤੇ ਪੀੜਤ ਡਾਕਟਰ ਲਈ ਇਨਸਾਫ ਦੀ ਮੰਗ ਕਰਨਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਵਾਪਰੀ ਇਸ ਦੁਖਦਾਈ ਘਟਨਾ ਨੂੰ ਗੰਭੀਰਤਾ ਨਾਲ ਲੈਣਾ ਲੈਣਾ ਚਾਹੀਦਾ ਹੈ । ਇਸ ਰੋਸ਼ ਮੁਜ਼ਾਹਰੇ ਦੌਰਾਨ ਡਾਕਟਰਾਂ ਦੇ ਇਸ ਸਮੁੱਚੇ ਕੇਡਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੱਛਮੀ ਬੰਗਾਲ ਕਲਕੱਤਾ ਵਿੱਚ ਜੋ ਇਹ ਘਟਨਾ ਵਾਪਰੀ ਹੈ ਉਸ ਮਹਿਲਾ ਡਾਕਟਰ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣਾਵੇ ਤਾਂ ਜੋ ਕਿਸੇ ਹੋਰ ਔਰਤ ਨਾਲ ਇਸ ਤਰ੍ਹਾਂ ਦੀ ਦੁਰਘਟਨਾ ਨਾ ਵਾਪਰ ਸਕੇ। ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਅਮਰਿੰਦਰਪਾਲ ਸਿੰਘ ਨੇ ਇਸ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਤੋਂ ਭਵਿੱਖ ਵਿੱਚ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੈਂਟਰ ਪ੍ਰੋਟੈਕਸ਼ਨ ਐਕਟ ਦੀ ਮੰਗ ਕੀਤੀ । ਉਹਨਾਂ ਇਹ ਵੀ ਮੰਗ ਕੀਤੀ ਕਿ ਖਾਸਕਰ ਰਾਤ ਸਮੇਂ ਮਹਿਲਾ ਡਾਕਟਰ ਅਤੇ ਸਟਾਫ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਹਸਪਤਾਲਾਂ ਵਿੱਚ ਵਰਦੀਧਾਰੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਜੋ ਡਾਕਟਰ ਅਤੇ ਸਟਾਫ ਬਿਨਾਂ ਕਿਸੇ ਡਰ ਤੋਂ ਆਪਣੀ ਡਿਊਟੀ ਨਿਭਾ ਸਕਣ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ. ਬਲਕਾਰ ਸਿੰਘ, ਡਾ. ਸਤਨਾਮ ਸਿੰਘ ਬੰਗਾ, ਡਾ. ਜਸਪ੍ਰੀਤ ਸਿੰਘ ਬੇਦੀ, ਡਾ. ਓਮਕਾਰਵੀਰ ਸਿੰਘ ਰਾਏ, ਡਾ. ਸਿਮਰਨ ਬਾਲੀ ,ਡਾ. ਬਲਵਿੰਦਰ ਸੈਰੀ,ਡਾ. ਤਰਨਦੀਪ ਕੌਰ, ਡਾ. ਸਚਿਨ, ਡਾ. ਨਵਦੀਪ, ਡਾ. ਸਨਪ੍ਰੀਤ ਕੌਰ ਆਦਿ ਤੋਂ ਇਲਾਵਾ ਹੋਰ ਮੈਡੀਕਲ ਅਫਸਰ ਵੀ ਹਾਜ਼ਰ ਸਨ।