ਸ੍ਰੀ ਫ਼ਤਹਿਗੜ੍ਹ ਸਾਹਿਬ/ 17 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਕਲਕੱਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਰੋਸ ਵਜੋਂ ਦੇਸ਼ ਭਰ ਦੇ ਡਾਕਟਰ ਸੜਕਾਂ 'ਤੇ ਉੱਤਰਦੇ ਦਿਖਾਈ ਦੇ ਰਹੇ ਹਨ।ਇਸ ਘਟਨਾ ਦੇ ਰੋਸ ਵਜੋਂ ਅੱਜ ਆਈ.ਐਮ.ਏ.(ਇੰਡੀਅਨ ਮੈਡੀਕਲ ਐਸੋਸੀਏਸ਼ਨ) ਪੰਜਾਬ ਦੀ ਜ਼ਿਲਾ ਇਕਾਈ ਦੇ ਸੱਦੇ 'ਤੇ ਅੱਜ ਇਲਾਕੇ ਦੇ ਪ੍ਰਾਈਵੇਟ ਡਾਕਟਰ ਵੀ ਆਪਣਾ ਕੰਮ ਕਾਰ ਠੱਪ ਕਰਕੇ ਸ਼ਹਿਰ ਦੀਆਂ ਸੜਕਾਂ 'ਤੇ ਰੋਸ ਪ੍ਰਗਟਾਉਂਦੇ ਨਜ਼ਰ ਆਏ।ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਜੋਤੀ ਸਰੂਪ ਚੌਂਕ ਵਿਖੇ ਇੱਕਠੇ ਹੋਏ ਡਾਕਟਰਾਂ,ਡੈਂਟਿਸਟਾਂ,ਲੈਬ ਟੈਕਨੀਸ਼ਅਨਾਂ,ਦਵਾਈ ਵਿਕਰੇਤਾਵਾਂ ਅਤੇ ਸਿਹਤ ਕਰਮੀਆਂ ਵੱਲੋਂ ਰੋਸ ਮੁਜ਼ਾਹਰਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ।ਜਿਸ ਤੋਂ ਬਾਅਦ ਮਾਮਲੇ 'ਚ ਇਨਸਾਫ ਦੀ ਮੰਗ ਕਰ ਰਹੇ ਉਕਤ ਮੁਜ਼ਾਹਰਾਕਾਰੀ ਪੈਦਲ ਮਾਰਚ ਕਰਦੇ ਹੋਏ ਫ਼ਤਹਿਗੜ੍ਹ ਸਾਹਿਬ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚੇ ਜਿੱਥੇ ਉਨਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਇੱਕ ਮੰਗ ਪੱਤਰ ਸੌਂਪਿਆ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਆਈ.ਐਮ.ਏ. ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਡਾ. ਰਵਦੀਪ ਸਿੰਘ ਸੰਧੂ ਨੇ ਦੱਸਿਆ ਕਿ ਕਲਕੱਤਾ ਵਿਖੇ ਇੱਕ ਟ੍ਰੇਨੀ ਡਾਕਟਰ ਦੀ ਕੀਤੀ ਗਈ ਹੱਤਿਆ ਅਤੇ ਬਲਾਤਕਾਰ ਦੇ ਵਿਰੋਧ ਵਿੱਚ ਉਨਾਂ ਦੀ ਜਥੇਬੰਦੀ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ ਜਿਸ ਵਿੱਚ ਪੀ.ਸੀ.ਐਮ.ਐਸ. ਐਸੋਸੀਏਸ਼ਨ,ਨੈਸ਼ਨਲ ਇੰਡਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ,ਡੈਂਟਲ ਐਸੋਸੀਏਸ਼ਨ,ਲੈਬ ਟੈਕਨੀਸ਼ੀਅਨ ਐਸੋਸੀਏਸ਼ਨ,ਕੈਮਿਸਟ ਐਸੋਸੀਏਸ਼ਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਹਤ ਕਰਮੀਆਂ ਵੱਲੋਂ ਸ਼ਮੂਲੀਅਤ ਕਰਕੇ ਸਾਡੀਆਂ ਮੰਗਾਂ ਦੀ ਹਮਾਇਤ ਕੀਤੀ ਗਈ ਹੈ।ਉਨਾਂ ਮੰਗ ਕੀਤੀ ਕਿ ਸਰਵਉੱਚ ਅਦਾਲਤ ਦੀ ਨਿਗਰਾਨੀ ਹੇਠ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਮਾਮਲੇ ਦੀ ਜਾਂਚ ਕਰਵਾ ਕੇ ਇਸ ਘਿਨਾਉਣੀ ਵਾਰਦਾਤ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਮੁੜ ਕੋਈ ਅਜਿਹੀ ਘਿਨਾਉਣੀ ਵਾਰਾਦਾਤ ਨੂੰ ਅੰਜ਼ਾਮ ਦੇਣ ਦੀ ਹਿੰਮਤ ਨਾ ਕਰ ਸਕੇ।ਡਾ. ਰਵਦੀਪ ਸਿੰਘ ਸੰਧੂ ਨੇ ਕਿਹਾ ਕਿ ਉਨਾਂ ਦੀ ਪੁਰਜ਼ੋਰ ਮੰਗ ਹੈ ਕਿ ਡਾਕਟਰਾਂ ਅਤੇ ਹਸਪਤਾਲਾਂ ਲਈ ਇੱਕ ਵੱਖਰਾ ਪੁਲਿਸ ਹੈਲਪਲਾਈਨ ਨੰਬਰ ਜਾਰੀ ਕਰਕੇ ਸਰਕਾਰ ਡਾਕਟਰਾਂ ਅਤੇ ਸਿਹਤ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਵੇ।ਇਸ ਮੌਕੇ ਆਈ.ਐਮ.ਏ. ਦੇ ਸੈਕਟਰੀ ਡਾ. ਕੇ.ਐਸ. ਸੋਹਲ,ਡਾ. ਮਨਪ੍ਰੀਤ ਕੰਗ,ਡਾ. ਅਮਰਪ੍ਰੀਤ ਸਿੰਘ,ਡਾ. ਦੀਪਕਜੋਤ ਸਿੰਘ,ਨੀਮਾ ਦੇ ਅਹੁਦੇਦਾਰ ਡਾ. ਹਿਤੇਂਦਰ ਸੂਰੀ,ਡਾ.ਦਵਿੰਦਰ ਪੁਰੀ,ਮੈਡੀਕਲ ਸੈੱਲ ਦੇ ਕਨਵੀਨਰ ਡਾ. ਨਰੇਸ਼ ਚੌਹਾਨ,ਡਾ. ਸੁਖਪਾਸ਼ ਸਿੰਘ ਸੰਧੂ,ਡਾ. ਉਪਿੰਦਰ ਭੰਡਾਰੀ,ਪੀ.ਸੀ.ਐਮ.ਐਸ. ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਡਾ. ਕੰਵਰਪਾਲ ਸਿੰਘ ਸੰਧੂ,ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਤ ਕੁਮਾਰ ਅਤੇ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡਾਕਟਰ ਅਤੇ ਸਿਹਤ ਕਰਮੀ ਮੌਜ਼ੂਦ ਸਨ।