ਭਵਾਨੀਗੜ੍ਹ,17 ਅਗਸਤ (ਰਾਜ ਖੁਰਮੀ)
ਨਦਾਮਪੁਰ ਨੇੜੇ ਇਕ ਵਿਅਕਤੀ ਨੇ ਨਹਿਰ ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦੇ ਦੋ ਦਿਨ ਬਾਅਦ ਸ਼ੁੱਕਰਵਾਰ ਨੂੰ ਭੱਟੀਵਾਲ ਨੇੜੇ ਨਹਿਰ ਚੋਂ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਸੋਮੀ ਸਿੰਘ ਵਾਸੀ ਲਹਿਰਾਗਾਗਾ ਵਜੋਂ ਹੋਈ ਹੈ। ਇਸ ਸਬੰਧੀ ਪੁਲਸ ਨੇ ਮ੍ਰਿਤਕ ਦੀ ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮਲਕੀਤ ਸਿੰਘ ਵਾਸੀ ਵਾਲਮੀਕਿ ਮੁਹੱਲਾ ਲਹਿਰਾਗਾਗਾ ਨੇ ਭਵਾਨੀਗੜ੍ਹ ਪੁਲਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ 14 ਅਗਸਤ ਨੂੰ ਉਸ ਦੇ ਲੜਕੇ ਸੋਮੀ ਸਿੰਘ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸਦੀ ਪਤਨੀ ਅਮਨਦੀਪ ਕੌਰ ਨੇ ਉਸ ਨਾਲ ਕਾਫੀ ਲੜਾਈ-ਝਗੜਾ ਕੀਤਾ ਜਿਸ ਕਾਰਨ ਉਹ ਬਹੁਤ ਦੁਖੀ ਹੈ ਤੇ ਹੁਣ ਉਹ ਜਿਉਣਾ ਨਹੀਂ ਚਾਹੁੰਦਾ ਇਸ ਲਈ ਉਹ ਨਹਿਰ ਵਿੱਚ ਛਾਲ ਮਾਰ ਦੇਵੇਗਾ। ਸ਼ਿਕਾਇਤਕਰਤਾ ਮਨਜੀਤ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਹੀ ਸੋਮੀ ਸਿੰਘ ਦਾ ਫੋਨ ਬੰਦ ਹੋ ਗਿਆ। ਮੌਕੇ ਤੇ ਪਹੁੰਚਣ ਤੇ ਸੋਮੀ ਸਿੰਘ ਦਾ ਮੋਟਰਸਾਈਕਲ ਨਦਾਮਪੁਰ ਨਹਿਰ ਦੇ ਕੰਢੇ ਖੜ੍ਹਾ ਮਿਲਿਆ। ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਪਰਿਵਾਰ ਨੇ ਸੋਮੀ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਇਸ ਦੌਰਾਨ ਸ਼ੁੱਕਰਵਾਰ ਨੂੰ ਪਿੰਡ ਭੱਟੀਵਾਲ ਨੇੜੇ ਨਹਿਰ ਦੇ ਪੁਲ ਨੇੜਿਓਂ ਸੋਮਾ ਸਿੰਘ ਦੀ ਲਾਸ਼ ਬਰਾਮਦ ਹੋਈ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਚੌਕੀ ਕਾਲਾਝਾੜ ਦੇ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੋਮਾ ਸਿੰਘ ਦਾ ਕਰੀਬ 12 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦਾ ਦੂਜਾ ਵਿਆਹ ਭਵਾਨੀਗੜ੍ਹ ਦੀ ਅਮਨਦੀਪ ਕੌਰ ਨਾਲ ਹੋਇਆ ਸੀ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਅਤੇ ਸੋਮਾ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਉਸਦੀ ਪਤਨੀ ਅਮਨਦੀਪ ਕੌਰ ਵਾਸੀ ਸੰਗਤਸਰ ਨਗਰ ਭਵਾਨੀਗੜ੍ਹ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।