ਨਾਭਾ, 17 ਅਗਸਤ (ਰਾਜੇਸ ਬਜਾਜ)
ਪੰਜਾਬ ਪਬਲਿਕ ਸਕੂਲ ਨਾਭਾ ਵਿਖੇ 78ਵਾਂ ਸੁਤੰਤਰਤਾ ਦਿਵਸ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਸ੍ਰੀ ਜਤਿੰਦਰ ਸਿੰਘ ਔਲਖ, ਆਈ.ਪੀ ਐਸ ਅਤੇ ਮੌਜੂਦਾ ਸਮੇਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਦੇ ਪਹੁੰਚਣ ਨਾਲ ਹੋਈ। ਸਮਾਗਮ ਦੀ ਸ਼ੁਰੂਆਤ ਐਨ ਸੀ ਸੀ ਕੈਡਿਟਾਂ ਵੱਲੋਂ ਪੇਸ਼ ਕੀਤੇ ਸ਼ਾਨਦਾਰ ਗਾਰਡ ਆਫ ਆਨਰ ਨਾਲ ਹੋਈ। ਪੀ.ਪੀ.ਐਸ. ਨਾਭਾ ਦੇ ਸਾਬਕਾ ਵਿਦਿਆਰਥੀ ਸ੍ਰੀ ਔਲਖ ਨੇ ਸਾਰਿਆਂ ਦੀ ਹਾਜ਼ਰੀ ਵਿੱਚ ਤਿਰੰਗਾ ਲਹਿਰਾਇਆ ਅਤੇ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ। ਚੈਹਕ ਕੌਰ, ਮੰਨਤ ਤਾਂਗਰੀ ਅਤੇ ਇਸ਼ਮੀਤ ਕੌਰ ਨੇ ਕ੍ਰਮਵਾਰ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਸੁਤੰਤਰਤਾ ਦਿਵਸ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਸਕੂਲ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ ਵੰਦੇ ਮਾਤਰਮ ਅਤੇ ਜਾਗ ਉਠਾ ਹੈ ਸਾਰਾ ਵਤਨ ਸਾਥੀਓ ਨੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ । ਇਸ ਮੌਕੇ ਬੋਲਦਿਆਂ ਸ੍ਰੀ ਔਲਖ ਨੇ ਵਿਦਿਆਰਥੀ ਭਾਈਚਾਰੇ ਨੂੰ ਅਨੁਸ਼ਾਸਨ, ਇਮਾਨਦਾਰੀ ਅਤੇ ਚਰਿੱਤਰ ਦੀਆਂ ਕਦਰਾਂ-ਕੀਮਤਾਂ ਨੂੰ ਪਾਲਣ ਦਾ ਸੱਦਾ ਦਿੱਤਾ। ਸਕੂਲ ਹੈਡਮਾਸਟਰ ਡਾ.ਡੀ.ਸੀ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਮਾਗਮ ਦਾ ਹਿੱਸਾ ਬਣਨ ਲਈ ਧੰਨਵਾਦ ਕੀਤਾ।ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਪ੍ਰਤੀ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਉਣਾ ਚਾਹੀਦਾ ਹੈ ।