ਸ੍ਰੀ ਫ਼ਤਹਿਗੜ੍ਹ ਸਾਹਿਬ/21 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਜੀਆਰਪੀ ਥਾਣਾ ਸਰਹਿੰਦ ਦੀ ਪੁਲਿਸ ਵੱਲੋਂ ਹਰਿਆਣਾ 'ਚ ਵਿਕਣਯੋਗ ਅੰਗਰੇਜ਼ੀ ਸ਼ਰਾਬ ਦੀਆਂ 15 ਬੋਤਲਾਂ ਸਣੇ ਇੱਕ ਬਿਹਾਰੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 20 ਅਗਸਤ ਨੂੰ ਸ਼ਾਮ ਕਰੀਬ 7 ਵਜੇ ਜੀਆਰਪੀ ਥਾਣਾ ਸਰਹਿੰਦ ਅਤੇ ਆਰਪੀਐਫ ਸਰਹਿੰਦ ਦੇ ਪੁਲਿਸ ਕਰਮਚਾਰੀਆਂ ਵੱਲੋਂ ਸਰਹਿੰਦ ਰੇਲਵੇ ਸਟੇਸ਼ਨ ਵਿਖੇ ਸ਼ੱਕੀ ਵਿਅਕਤੀਆਂ ਦੀ ਸਾਂਝੇ ਤੌਰ 'ਤੇ ਚੈਕਿੰਗ ਕੀਤੀ ਜਾ ਰਹੀ ਸੀ। ਜਿਸ ਦੌਰਾਨ ਪਲੇਟਫਾਰਮ ਨੰਬਰ ਇੱਕ ਤੇ ਬੈਗ ਲਈ ਬੈਠਾ ਇੱਕ ਮੋਨਾ ਵਿਅਕਤੀ ਚੈਕਿੰਗ ਕਰ ਰਹੇ ਪੁਲਿਸ ਕਰਮਚਾਰੀਆਂ ਨੂੰ ਨਜ਼ਦੀਕ ਆਉਂਦਾ ਦੇਖ ਉਥੋਂ ਖਿਸਕਣ ਲੱਗਾ ਜਿਸ ਨੂੰ ਪੁਲਿਸ ਕਰਮਚਾਰੀਆਂ ਵੱਲੋ ਕਾਬੂ ਕਰਕੇ ਪੁੱਛੇ ਜਾਣ ਤੇ ਉਸਨੇ ਆਪਣੀ ਪਹਿਚਾਣ ਵਿਕਰਮ ਵਾਸੀ ਜ਼ਿਲ੍ਹਾ ਸਹਾਰਸਾ (ਬਿਹਾਰ) ਵਜੋਂ ਦੱਸੀ। ਉਕਤ ਵਿਅਕਤੀ ਦੇ ਕਬਜ਼ੇ ਵਾਲੇ ਬੈਗ ਦੀ ਲਈ ਗਈ ਤਲਾਸ਼ੀ ਦੌਰਾਨ ਉਸ ਵਿੱਚੋਂ ਹਰਿਆਣਾ ਚ ਵਿਕਣਯੋਗ ਅੰਗਰੇਜ਼ੀ ਸ਼ਰਾਬ ਸਿਗਨੇਚਰ ਦੀਆਂ 15 ਬੋਤਲਾਂ ਬਰਾਮਦ ਹੋਈਆਂ। ਇਸ ਸਬੰਧੀ ਜੀਆਰਪੀ ਥਾਣਾ ਸਰਹੰਦ ਵਿਖੇ ਅ/ਧ 61/1/14 ਆਬਕਾਰੀ ਐਕਟ ਤਹਿਤ ਦਰਜ ਕੀਤੇ ਗਏ ਮੁਕੱਦਮੇ ਵਿੱਚ ਵਿਕਰਮ ਨੂੰ ਗ੍ਰਿਫਤਾਰ ਕਰਕੇ ਜੀਆਰਪੀ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।