ਸ੍ਰੀ ਫ਼ਤਹਿਗੜ੍ਹ ਸਾਹਿਬ/21 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਅਨਿਲ ਗੋਇਲ ਵੱਲੋਂ ਸੂਬੇ ਦੇ ਸਮੂਹ ਸਿਵਲ ਸਰਜਨਾਂ, ਸਮੂਹ ਡਿਪਟੀ ਮੈਡੀਕਲ ਕਮਿਸ਼ਨਰਾਂ ਅਤੇ ਜ਼ਿਲ੍ਹਾ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਨਵਿਆਉਣਯੋਗ ਊਰਜਾ ਸੰਬੰਧੀ ਵਰਚੁਅਲ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਜਿਲਾ ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਉਚ ਅਧਿਕਾਰੀਆਂ ਵੱਲੋਂ ਮੰਗੀ ਗਈ ਸੂਚਨਾ ਉਪਲਬਧ ਕਰਵਾਈ। ਡਾ. ਅਨਿਲ ਗੋਇਲ ਨੇ ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਸਿਹਤ ਕੇਂਦਰਾਂ ਵਿੱਚ ਵਰਤੀ ਜਾਂਦੀ ਬਿਜਲੀ ਅਤੇ ਬਿਜਲੀ ਉਪਕਰਣਾਂ ਸਬੰਧੀ ਲੋੜੀਂਦੀਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਾਰੇ ਸਿਹਤ ਕੇਂਦਰਾਂ ਵਿੱਚ ਲੋੜ ਅਨੁਸਾਰ ਹੀ ਬਿਜਲੀ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿਚ ਬਿਜਲੀ ਦੀ ਵਰਤੋਂ ਵੱਲ ਤਵੱਜੋ ਦੇਣ ਨਾਲ ਬਿਜਲੀ ਬਿੱਲਾਂ ਵਿਚ 10 ਫੀਸਦੀ ਕਟੌਤੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਹਸਪਤਾਲਾਂ ਵਿਚ ਆਮ ਬਲੱਬ ਦੀ ਜਗ੍ਹਾ ਐਲ ਈ ਡੀ ਲਾਈਟਾਂ ਦੀ ਵਰਤੋਂ ਕੀਤੀ ਜਾਵੇ ,ਦਰਵਾਜ਼ੇ, ਖਿੜਕੀਆਂ ਅਤੇ ਸ਼ੀਸ਼ੇ ਰੋਜ਼ਾਨਾ ਸਾਫ਼ ਕੀਤੇ ਜਾਣ ਤਾਂ ਜ਼ੋ ਕੁਦਰਤੀ ਰੋਸ਼ਨੀ ਕਮਰਿਆਂ ਵਿੱਚ ਆ ਸਕੇ।ਇਸ ਮੀਟਿੰਗ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਬਲਕਾਰ ਸਿੰਘ, ਜਿਲਾ ਐਪੀਡਿਮੋਲੋਜਿਸਟ, ਡਾ. ਦੀਪਤੀ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਦੀਪ ਸਿੰਘ ,ਜਸਵਿੰਦਰ ਕੌਰ ਵੀ ਹਾਜ਼ਰ ਸਨ।