ਤਪਾ ਮੰਡੀ 20 ਅਗਸਤ (ਯਾਦਵਿੰਦਰ ਸਿੰਘ ਤਪਾ)
ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਸਮੇਂ ਪੁਲਸ ਨੇ ਗਸ਼ਤ 'ਚ ਇੱਕ ਵਿਅਕਤੀ ਨੂੰ ਕਾਬੂ ਕਰਕੇ 15 ਗ੍ਰਾਮ ਨਸ਼ੀਲਾ ਪਾਊਡਰ(ਹੈਰੋਇਨ) ਬਰਾਮਦ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਨਵਨਿਯੁਕਤ ਥਾਣਾ ਮੁੱਖੀ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਉਹ 2017 'ਚ ਸਿੱਧੇ ਇੰਸਪੈਕਟਰ ਦੇ ਤੌਰ 'ਤੇ ਭਰਤੀ ਹੋਏ,ਬਠਿੰਡਾ ਅਤੇ ਮਾਨਸਾ ਜਿਲ੍ਹਿਆਂ 'ਚ ਚੌਕੀ ਇੰਚਾਰਜ ਅਤੇ ਥਾਣਾ ਮੁੱਖੀਆਂ ਦੀ ਸੇਵਾ ਨਿਭਾਉਣ ਤੋ ਬਾਅਦ ਤਪਾ ਵਿਖੇ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਹ ਨਸ਼ਿਆਂ ਦੇ ਬਿਲਕੁਲ ਖਿਲਾਫ ਹਨ ਉਨ੍ਹਾਂ ਨਸ਼ਾ ਤਸਕਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਅਗਰ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਇਸੇ ਲੜੀ ਤਹਿਤ ਐਸ.ਐਸ.ਪੀ ਬਰਨਾਲਾ ਸ੍ਰੀ ਸੰਦੀਪ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ਦੇ ਹੁਕਮਾਂ ਤਹਿਤ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਤਾਜੋਕੇ ਰੋਡ 'ਤੇ ਗਸ਼ਤ ਕਰ ਰਹੀ ਸੀ ਤਾਂ ਇੱਕ ਨੌਜਵਾਨ ਜੋ ਅਨਾਜ ਮੰਡੀ 'ਚ ਸੈਡ ਹੇਠਾਂ ਬੈਠਾ ਸੀ,ਪੁਲਸ ਪਾਰਟੀ ਨੂੰ ਦੇਖਕੇ ਘਬਰਾ ਗਿਆ ਤਾਂ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 15 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਜਿਸ ਨੇ ਅਪਣੀ ਪਹਿਚਾਣ ਨਿਰਮਲ ਸਿੰਘ ਉਰਫ ਨੈਬ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਮਹਿਤਾ ਦੱਸਿਆ। ਪੁਲਸ ਨੇ ਦੋਸ਼ੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਚੌਂਕੀ ਇੰਚਾਰਜ ਕਰਮਜੀਤ ਸਿੰਘ,ਸਹਾਇਕ ਥਾਣੇਦਾਰ ਜਸਵੀਰ ਸਿੰਘ,ਸਹਾਇਕ ਥਾਣੇਦਾਰ ਬਲਜੀਤ ਸਿੰਘ,ਮੁੱਖ ਮੁਨਸ਼ੀ ਜਗਜੀਵਨ ਸਿੰਘ,ਹਵਾਲਦਾਰ ਰੇਣੂ ਰਾਣੀ ਆਦਿ ਪੁਲਸ ਮੁਲਾਜਮ ਹਾਜਰ ਸਨ।