ਸ੍ਰੀ ਫ਼ਤਹਿਗੜ੍ਹ ਸਾਹਿਬ/ 22 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਸਰਹਿੰਦ ਸ਼ਹਿਰ ਵਿਖੇ ਕਿੰਨਰ ਮਹੰਤਾਂ ਦੇ ਘਰੋਂ ਸੋਨੇ,ਚਾਂਦੀ ਅਤੇ ਹੀਰੇ ਜੜੇ ਗਹਿਣੇ ਚੋਰੀ ਕਰਕੇ ਫਰਾਰ ਹੋਏ ਨੌਕਰ ਅਤੇ ਉਸਦੇ ਇੱਕ ਸਾਥੀ ਨੂੰ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਲੱਖਾਂ ਰੁਪਏ ਕੀਮਤ ਦੇ ਗਹਿਣੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਉਪਰਕੋਤ ਦਾਅਵਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀ.ਐਸ.ਪੀ. ਸਬ-ਡਵੀਜ਼ਨ ਫ਼ਤਹਿਗੜ੍ਹ ਸਾਹਿਬ ਸੁਖਨਾਜ਼ ਸਿੰਘ ਨੇ ਕੀਤਾ।ਡੀ.ਐਸ.ਪੀ. ਸੁਖਨਾਜ਼ ਸਿੰਘ ਨੇ ਦੱਸਿਆ ਕਿ ਸੀਰਤ ਮਹੰਤ ਚੇਲਾ ਕੁਲਰਾ ਮਹੰਦ ਵਾਸੀ ਸਰਹਿੰਦ ਸ਼ਹਿਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਉਨਾਂ ਦੇ ਘਰ ਵਿੱਚ ਨੌਕਰ ਵਜੋਂ ਕੰਮ ਕਰਨ ਵਾਲਾ ਪ੍ਰਦੀਪ ਉਰਫ ਦੀਪੂ ਉਰਫ ਮੋਟਾ 15 ਅਤੇ 16 ਅਗਸਤ ਦੀ ਦਰਮਿਆਨੀ ਰਾਤ ਨੂੰ ਉਨਾਂ ਦੇ ਹੀਰੇ,ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ ਹੈ।ਡੀ.ਐਸ.ਪੀ. ਨੇ ਦੱਸਿਆ ਕਿ ਇਸ ਸਬੰਧੀ ਅ/ਧ 331(4),305(ਏ) ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕਰਨ ਉਪਰੰਤ ਚੋਰੀ ਦੀ ਇਸ ਵੱਡੀ ਵਾਰਾਦਤ ਨੂੰ ਸੁਲਝਾਉਣ ਲਈ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐਸ.ਐਚ.ਓ. ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਦੀ ਅਗਵਾਈ ਹੇਠ ਤਫਤੀਸ਼ੀ ਟੀਮ ਬਣਾਈ ਗਈ।ਜਿਸ ਨੇ 19 ਅਗਸਤ ਨੂੰ ਪ੍ਰਦੀਪ ਉਰਫ ਦੀਪੂ ਉਰਫ ਮੋਟਾ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਜਿਸ ਦੀ ਕੀਤੀ ਗਈ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਸਨੇ ਚੋਰੀ ਕੀਤੇ ਗਹਿਣੇ ਗੁਰਦੀਪ ਸਿੰਘ ਉਰਫ ਕਾਲਾ ਵਾਸੀ ਰਾਜਪੁਰਾ ਦੇ ਹਵਾਲੇ ਕੀਤੇ ਸਨ।ਐਸ.ਐਚ.ਓ. ਮਨਪ੍ਰੀਤ ਸਿੰਘ ਦਿਓਲ ਦੀ ਅਗਵਾਈ ਵਾਲੀ ਟੀਮ ਵੱਲੋਂ ਬੀਤੇ ਕੱਲ੍ਹ ਗੁਰਦੀਪ ਸਿੰਘ ਉਰਫ ਕਾਲਾ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਜਿਸ ਦੀ ਨਿਸ਼ਾਨਦੇਹੀ ਉੱਤੇ ਉਸ ਵੱਲੋਂ ਲੁਕਾ ਕੇ ਰੱਖੇ ਗਹਿਣੇ ਜਿਨਾਂ ਵਿੱਚ ਇੱਕ ਹੀਰਿਆਂ ਦਾ ਨੈਕਲੇਸ ਸੈੱਟ,ਛੇ ਹੀਰੇ ਦੀਆਂ ਮੁੰਦਰੀਆਂ,ਤਿੰਨ ਸੋਨੇ ਦੀਆਂ ਮੁੰਦਰੀਆਂ,ਬਰੈਸਲੇਟ,ਤਿੰਨ ਜੋੜੇ ਸੋਨੇ ਦੇ ਟਾਪਸ ਅਤੇ ਇੱਕ ਸੋਨੇ ਦੀ ਚੇਨ ਸਮੇਤ ਲਾਕਟ ਵੀ ਬਰਾਮਦ ਕੀਤੇ ਗਏ।ਡੀ.ਐਸ.ਪੀ. ਸੁਖਨਾਜ਼ ਸਿੰਘ ਨੇ ਦੱਸਿਆ ਕਿ ਗਹਿਣੇ ਚੋਰੀ ਕਰਕੇ ਭੱਜੇ ਪ੍ਰਦੀਪ ਉਰਫ ਮੋਟਾ ਉਰਫ ਦੀਪੂ ਨੂੰ ਕਾਬੂ ਕਰਨਾ ਪੁਲਿਸ ਲਈ ਇੱਕ ਚੁਣੌਤੀ ਵਰਗਾ ਸੀ ਕਿਉਂਕਿ ਨਾ ਤਾਂ ਉਕਤ ਵਿਅਕਤੀ ਦਾ ਕੋਈ ਪੱਕਾ ਪਤਾ ਟਿਕਾਣਾ ਜਾਂ ਰਿਕਾਰਡ ਸੀ ਤੇ ਨਾ ਹੀ ਉਸਦੇ ਨਾਮ 'ਤੇ ਕੋਈ ਸਿੰਮ,ਫੋਨ ਜਾਂ ਸ਼ਨਾਖਤੀ ਕਾਰਡ ਵਗੈਰਾ ਸੀ ਪਰ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਬੜੀ ਮਿਹਨਤ ਕਰਕੇ ਜਿੱਥੇ ਉਕਤ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਉੱਥੇ ਹੀ ਚੋਰੀ ਕੀਤੇ ਗਹਿਣੇ ਵੀ ਤੇਜ਼ੀ ਨਾਲ ਬਰਾਮਦ ਕਰਵਾਏ ਗਏ ਜਿਸ ਲਈ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਅਤੇ ਉਨਾਂ ਦੀ ਸਮੁੱਚੀ ਟੀਮ ਸ਼ਲਾਘਾ ਦੀ ਪਾਤਰ ਹੈ।