ਸ੍ਰੀ ਫ਼ਤਹਿਗੜ੍ਹ ਸਾਹਿਬ/22 ਅਗਸਤ:
(ਰਵਿੰਦਰ ਸਿੰਘ ਢੀਂਡਸਾ)
“ਪੰਜਾਬ ਦੀ ਸਮੁੱਚੀ ਆਰਥਿਕਤਾ ਖੇਤੀ ਪ੍ਰਧਾਨ ਸੂਬਾ ਹੋਣ ਦੀ ਬਦੌਲਤ ਕਿਸਾਨ ਅਤੇ ਖੇਤ-ਮਜਦੂਰ ਵਰਗ ਦੇ ਜੀਵਨ ਪੱਧਰ ਉਤੇ ਨਿਰਭਰ ਕਰਦੀ ਹੈ । ਜੇਕਰ ਕਿਸਾਨ ਅਤੇ ਖੇਤ ਮਜਦੂਰ ਮਾਲੀ ਤੌਰ ਤੇ ਅਤੇ ਮਾਨਸਿਕ ਤੌਰ ਤੇ ਮਜਬੂਤ ਹੋਣਗੇ ਤਦ ਹੀ ਪੰਜਾਬ ਸੂਬਾ ਅਤੇ ਪੰਜਾਬ ਦੇ ਨਿਵਾਸੀ ਹਰ ਖੇਤਰ ਵਿਚ ਅੱਗੇ ਵੱਧ ਸਕਣਗੇ ਅਤੇ ਉਨ੍ਹਾਂ ਦੀ ਆਰਥਿਕਤਾ ਮਜਬੂਤ ਹੋ ਸਕੇਗੀ । ਇਸ ਲਈ ਜੋ ਪੰਜਾਬ ਖੇਤ-ਮਜਦੂਰ ਯੂਨੀਅਨ ਵੱਲੋ ਪੰਜਾਬ ਦੇ ਖੇਤੀਬਾੜੀ ਵਜ਼ੀਰ ਗੁਰਮੀਤ ਸਿੰਘ ਖੁੱਡੀਆਂ ਦੇ ਗ੍ਰਹਿ ਵਿਖੇ ਧਰਨਾ ਦਿੰਦੇ ਹੋਏ ਆਪਣੀਆ ਜਾਇਜ ਮੰਗਾਂ ਦੀ ਆਵਾਜ ਉਠਾਈ ਗਈ ਹੈ, ਉਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੰਪੂਰਨ ਰੂਪ ਵਿਚ ਸਮਰੱਥਨ ਕਰਦਾ ਹੈ ਅਤੇ ਉਮੀਦ ਕਰਦਾ ਹਾਂ ਕਿ ਗੁਰਮੀਤ ਸਿੰਘ ਖੁੱਡੀਆਂ ਜੋ ਖੁਦ ਕਿਸਾਨ ਦੇ ਪੁੱਤ ਹਨ ਅਤੇ ਜਿਨ੍ਹਾਂ ਨੂੰ ਕਿਸਾਨਾਂ ਅਤੇ ਖੇਤ-ਮਜਦੂਰਾਂ ਨੂੰ ਪੇਸ਼ ਆਉਣ ਵਾਲੀਆ ਮੁਸ਼ਕਿਲਾਂ ਬਾਰੇ ਡੂੰਘੀ ਜਾਣਕਾਰੀ ਹੈ, ਉਹ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਖੇਤ-ਮਜਦੂਰਾਂ ਵਿਚ ਪੈਦਾ ਹੋਏ ਰੋਸ ਨੂੰ ਦੂਰ ਕਰਨਗੇ ।” ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖੇਤ-ਮਜਦੂਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਗੰਭੀਰਤਾ ਨਾਲ ਅਮਲ ਕਰਦੇ ਹੋਏ ਸੰਬੰਧਤ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਅਤੇ ਪਹਿਲ ਦੇ ਆਧਾਰ ਤੇ ਇਨ੍ਹਾਂ ਦੇ ਮਸਲਿਆ ਨੂੰ ਹੱਲ ਕਰਨ ਦੀ ਉਮੀਦ ਕਰਦੇ ਹੋਏ ਪ੍ਰਗਟ ਕੀਤੇ। ਮਾਨ ਨੇ ਖੇਤ-ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਹਰਭਗਵਾਨ ਸਿੰਘ ਮੂਣਕ ਸਟੇਟ ਕਮੇਟੀ ਮੈਬਰ ਅਤੇ ਯੂਨੀਅਨ ਦੇ ਹੋਰ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵਿਸਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਉਨ੍ਹਾਂ ਵੱਲੋ ਵਿੱਢੇ ਜਾ ਕੀਤੇ ਜਾ ਰਹੇ ਸੰਘਰਸ ਵਿਚ ਪਾਰਟੀ ਹਰ ਤਰ੍ਹਾਂ ਦਾ ਸਹਿਯੋਗ ਵੀ ਕਰੇਗੀ ਅਤੇ ਮਸਲੇ ਹੱਲ ਹੋਣ ਤੱਕ ਸਮੇ-ਸਮੇ ਤੇ ਦਿੱਤੇ ਜਾਣ ਵਾਲੇ ਪ੍ਰੋਗਰਾਮਾਂ ਵਿਚ ਆਪਣਾ ਇਨਸਾਨੀ ਫਰਜ ਸਮਝਦੇ ਹੋਏ ਯੋਗਦਾਨ ਵੀ ਪਾਉਦੀ ਰਹੇਗੀ ।