ਸ੍ਰੀ ਫ਼ਤਹਿਗੜ੍ਹ ਸਾਹਿਬ/22 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਨੇ ਪਿੰਡ ਗੜੋਲੀਆਂ ਵਿਖੇ ਸਥਿਤ ਕੈਟਲ ਪੌਂਡ ਬਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ। ਉਨ੍ਹਾਂ ਬੀਤੀ 14 ਅਗਸਤ ਨੂੰ ਕੈਟਲ ਪੌਂਡ ਗੜੋਲੀਆਂ ਦੇ ਕੀਤੇ ਗਏ ਦੌਰੇ ਦੌਰਾਨ ਕੈਟਲ ਪੌਂਡ ਵਿੱਚ ਪਾਈਆਂ ਗਈਆਂ ਕਮੀਆਂ ਸਬੰਧੀ ਪਰਨੀਤ ਸ਼ੇਰਗਿੱਲ ਨੂੰ ਦੱਸਿਆ। ਉਨ੍ਹਾਂ ਕੈਟਲ ਪੌਂਡ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਕਰਨ, ਕੈਟਲ ਪੌਂਡ ਵਿੱਚ ਰੁੱਖ ਲਗਵਾਉਣ, ਕੈਟਲ ਪੌਂਡ ਦਾ ਨਿਰੰਤਰ ਰਿਕਾਰਡ ਰੱਖਣ, ਗਊਧਨ ਦੇ ਰੱਖ-ਰਖਾਵ ਅਤੇ ਨਸਲ ਬਦਲੀ ਸਮੇਤ ਹੋਰ ਕਈ ਵਿਸ਼ਿਆਂ ਤੇ ਗੱਲਬਾਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਗੜੋਲੀਆਂ ਸਥਿਤ ਕੈਟਲ ਪੌਂਡ ਵਿੱਚ ਗਊਧਨ ਦੇ ਰੱਖ-ਰਖਾਵ ਤੇ ਹੋਰ ਲੋੜੀਂਦੀਆਂ ਜਰੂਰਤਾਂ ਦੀ ਪੂਰਤੀ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ ਤੇ ਕੈਟਲ ਪੌਂਡ ਦੀ ਵਿਵਸਥਾ ਨੂੰ ਹੋਰ ਵਧੇਰੇ ਸੁਚਾਰੂ ਬਣਾਇਆ ਜਾਵੇਗਾ। ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਸੀ.ਈ.ਓ. ਡਾ: ਆਸ਼ੀਸ਼ ਚੁੱਘ, ਜਸਵਿੰਦਰ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।