ਸ੍ਰੀ ਫ਼ਤਹਿਗੜ੍ਹ ਸਾਹਿਬ/23 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਜਿਲ੍ਹਾ ਮੈਜਿਸਟਰੇਟ ਪਰਨੀਤ ਸ਼ੇਰਗਿੱਲ, ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ/ਗੋਲੀਆਂ ਨੂੰ ਬਿਨ੍ਹਾਂ ਲਾਇਸੰਸ ਤੋ ਰੱਖਣ ਅਤੇ ਮੰਨਜੂਰਸੂਦਾ ਤੋਂ ਵੱਧ ਮਾਤਰਾ ਵਿੱਚ ਰੱਖਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਵੇਚੇ ਗਏ ਕੈਪਸੂਲ/ਗੋਲੀਆਂ ਦੇ ਬਿੱਲ ਆਦਿ ਦਾ ਰਿਕਾਰਡ ਮੈਨਟੇਨ ਕੀਤਾ ਜਾਵੇ ਤੇ ਇਹ ਕੈਪਸੂਲ/ਗੋਲੀਆਂ ਸਿਰਫ ਡਾਕਟਰ ਵੱਲੋਂ ਦਿੱਤੀ ਗਈ ਸਲਿੱਪ ਰਾਹੀਂ ਹੀ ਵੇਚੀਆ ਜਾਣ।ਜਿਕਰਯੋਗ ਹੈ ਕਿ ਸੀਨੀਅਰ ਕਪਤਾਨ ਪੁਲਿਸ,ਫਤਹਿਗੜ੍ਹ ਸਾਹਿਬ ਦੇ ਦਫਤਰ ਦੇ ਪੱਤਰ ਨੰ. 1490/ਏ.ਸੀ-3 ਮਿਤੀ 23-7-2024 ਰਾਹੀਂ ਬੇਨਤੀ ਕੀਤੀ ਗਈ ਸੀ ਕਿ ਨਸ਼ੇ ਤਸਕਰਾਂ ਖਿਲਾਫ ਐਸ.ਟੀ.ਐਫ. ਵੱਲੋਂ ਕੀਤੀ ਜਾ ਰਹੀ ਕਾਰਵਾਈ ਦੌਰਾਨ ਸਾਹਮਣੇ ਆਇਆ ਹੈ ਕਿ ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ/ਗੋਲੀਆਂ ਦੀ ਵਰਤੋਂ ਲੋਕਾਂ ਵਲੋਂ ਨਸ਼ੇ ਦੇ ਤੌਰ ਤੇ ਕੀਤੀ ਜਾ ਰਹੀ ਹੈ ਜੋ ਕਿ ਸਾਲਟ ਫਿਲਹਾਲ ਐਨ.ਡੀ.ਪੀ.ਐਸ ਐਕਟ ਦੇ ਦਾਇਰੇ ਵਿੱਚ ਨਹੀਂ ਆਉਂਦਾ। ਜਿਸ ਕਾਰਨ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ,ਐਸ.ਟੀ.ਐਫ ਵੱਲੋਂ ਨਿਰਦੇਸ਼ ਦਿੱਤੇ ਗਏ ਸਨ ਕਿ ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ/ਗੋਲੀਆਂ ਨੂੰ ਬਿਨ੍ਹਾਂ ਲਾਇਸੰਸ ਰੱਖਣ,ਮੰਨਜੂਰਸੂਦਾ ਮਾਤਰਾ ਤੋਂ ਵੱਧ ਰੱਖਣ/ਵੇਚਣ,ਬਿੱਲਾਂ ਆਦਿ ਦਾ ਰਿਕਾਰਡ ਮੈਨਟੇਨ ਕਰਨ ਅਤੇ ਇਹ ਦਵਾਈ ਸਿਰਫ ਡਾਕਟਰ ਵੱਲੋਂ ਦਿੱਤੀ ਗਈ ਸਲਿੱਪ 'ਤੇ ਹੀ ਵੇਚੀ ਜਾਵੇ। ਇਹ ਹੁਕਮ 23 ਅਕਤੂਬਰ 2024 ਤੱਕ ਲਾਗੂ ਰਹਿਣਗੇ।