ਜੋਗਿੰਦਰ ਪਾਲ ਸਿੰਘ ਕੁੰਦਰਾ
ਅੰਮ੍ਰਿਤਸਰ / 23 ਅਗਸਤ :
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵਿਸ਼ਵ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਵਲੋਂ ਪੰਜਾਬ ਅਤੇ ਸਿੱਖਾਂ ਨਾਲ ਸਬੰਧਤ ਵਿਸ਼ਿਆਂ ਉੱਤੇ ਅਧਿਐਨ ਲਈ ਗੁਰੂ ਨਾਨਕ ਜੂਨੀਅਰ ਰੀਸਰਚ ਫੈਲੋਸ਼ਿਪ ਦੀ ਸਥਾਪਨਾ ਦੇ ਐਲਾਨ ਲਈ ਇੰਗਲੈਂਡ ਦੇ ਸਮੁੱਚੇ ਸਿੱਖਾਂ ਨੂੰ ਵਧਾਈ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਵਿਸ਼ਵ-ਵਿਆਪੀ ਸਿੱਖ ਕੌਮ ਲਈ ਇਹ ਮਾਣਮੱਤਾ ਪਲ ਹੈ ਕਿ ਵਿਸ਼ਵ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਵਲੋਂ ਵੁਲਫਸਨ ਕਾਲਜ ਵਿਖੇ ਸਿੱਖ ਧਰਮ ਅਤੇ ਪੰਜਾਬ ਨਾਲ ਸਬੰਧਿਤ ਵਿਸ਼ਿਆਂ ਦੇ ਅਧਿਐਨ ਦੀ ਲੋੜ ਨੂੰ ਮਾਨਤਾ ਦਿੰਦਿਆਂ ਗੁਰੂ ਨਾਨਕ ਜੂਨੀਅਰ ਰੀਸਰਚ ਫੈਲੋਸ਼ਿਪ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜਿੱਥੇ ਇਸ ਫੈਲੋਸ਼ਿਪ ਲਈ ਸਿੱਖ ਕੌਮ ਵਲੋਂ ਆਕਸਫੋਰਡ ਯੂਨੀਵਰਸਿਟੀ ਦਾ ਧੰਨਵਾਦ ਕੀਤਾ ਉੱਥੇ ਇੰਗਲੈਂਡ ਦੀ ਸਿੱਖ ਸੰਗਤ, ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਨੇ ਇਸ ਇਤਿਹਾਸਕ ਕਾਰਜ ਦੀ ਸਥਾਪਨਾ ਲਈ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਕਸਫੋਰਡ ਯੂਨੀਵਰਸਿਟੀ ਦੀ ਗੁਰੂ ਨਾਨਕ ਜੂਨੀਅਰ ਰੀਸਰਚ ਫੈਲੋਸ਼ਿਪ ਅਕਾਦਮਿਕ ਖੇਤਰ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ-ਕਲਿਆਣਕਾਰੀ ਫਲਸਫੇ ਅਤੇ ਸਿੱਖਿਆਵਾਂ ਦਾ ਵਿਸ਼ਵ ਭਰ ਅੰਦਰ ਪ੍ਰਚਾਰ-ਪ੍ਰਸਾਰ ਕਰਨ ਵਿਚ ਅਹਿਮ ਯੋਗਦਾਨ ਪਾਵੇਗੀ।