ਰੋਮੀ ਕਪੂਰ/ਸੁਰਿੰਦਰ ਦਮਦਮੀ
ਕੋਟਕਪੂਰਾ, 23 ਅਗਸਤ:
ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਸਥਾਨਕ ਗੁਰੂ ਨਾਨਕ ਮਿਸ਼ਨ ਸਕੂਲ ਵਿਖੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਇੱਕ ਰੋਜ਼ਾ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਦੱਸਿਆ ਕਿ ਇਸ ਸੈਮੀਨਾਰ ‘ਚ ਮੁੱਖ ਮਹਿਮਾਨ ਵਜੋਂ ਉਪ ਕਪਤਾਨ ਪੁਲਿਸ ਜਤਿੰਦਰ ਸਿੰਘ ਚੋਪੜਾ ਸ਼ਾਮਿਲ ਹੋਏ। ਇਸ ਸੈਮੀਨਾਰ ‘ਚ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਦੇ ਮੁੱਖ ਬੁਲਾਰੇ ਵਜੋਂ ਬਲਕਾਰ ਸਿੰਘ ਨੇ ਸਮੂਲੀਅਤ ਕੀਤੀ। ਗੁਰਿੰਦਰ ਸਿੰਘ ਮਹਿੰਦੀਰੱਤਾ ਚੇਅਰਮੈਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਨੇ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜਰੂਰੀ ਹੈ। ਇਸ ਉਪਰੰਤ ਸਟੇਜ ਤੋਂ ਸੰਬੋਧਨ ਹੁੰਦਿਆਂ ਪਿ੍ਰੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਉਪ ਕਪਤਾਨ ਪੁਲਿਸ ਸਮੇਤ ਜ਼ਿਲ੍ਹਾ ਟ੍ਰੈਫ਼ਿਕ ਟੀਮ ਤੋਂ ਪੁੱਜੇ ਵਕੀਲ ਸਿੰਘ ਬਰਾੜ, ਪ੍ਰੈਸ ਤੋਂ ਅਮਿਤ ਸ਼ਰਮਾ, ਮੇਘ ਰਾਜ ਸ਼ਰਮਾ, ਸੁਰਿੰਦਰ ਦਮਦਮੀ, ਬਿੱਟਾ ਚੋਪੜਾ, ਚੰਦਰ ਗਰਗ ਅਤੇ ਟਿੰਕੂ ਨੂੰ ਸਕੂਲ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਜੀ ਆਇਆਂ ਕਿਹਾ ਗਿਆ। ਬਲਕਾਰ ਸਿੰਘ ਵੱਲੋਂ ਵਿਸਥਾਰ ਸਹਿਤ ਟ੍ਰੈਫ਼ਿਕ ਨਿਯਮਾਂ, ਸਿਗਨਲਾਂ ਅਤੇ ਕਾਨੂੰਨ ਸੰਬੰਧੀ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ ਜਿਸ ਕਰਕੇ ਬੱਚੇ ਜਾਗਰੂਕ ਹੋਏ। ਉਪ-ਕਪਤਾਨ ਪੁਲਿਸ ਜਤਿੰਦਰ ਸਿੰਘ ਚੋਪੜਾ ਨੇ ਸੜਕੀ ਹਾਦਸਿਆਂ ਦੀਆਂ ਉਦਾਹਰਨਾਂ ਰਾਹੀਂ ਬੱਚਿਆਂ ਨੂੰ ਮੋਟਰ ਵਹੀਕਲ ਐਕਟ ਆਦਿ ਸੰਬੰਧੀ ਪ੍ਰਭਾਵਸ਼ਾਲੀ ਤਰੀਕੇ ਨਾਲ ਸਮਝਾਇਆ ਅਤੇ ਬੱਚਿਆਂ ਨੇ ਸਵਾਲ-ਜਵਾਬ ਰਾਹੀਂ ਸੈਮੀਨਾਰ ਨੂੰ ਰੌਚਕ ਬਣਾਇਆ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਨੇ ਜਿੱਥੇ ਸਕੂਲ ਦਾ ਧੰਨਵਾਦ ਕੀਤਾ ਉੱਥੇ ਹੀ ਸਟੇਜ ਤੇ ਸੁਸ਼ੋਭਿਤ ਪ੍ਰਧਾਨਗੀ ਮੰਡਲ ਦਾ ਵੀ ਧੰਨਵਾਦ ਕੀਤਾ। ਮੰਚ ਸੰਚਾਲਨ ਜਸਪ੍ਰੀਤ ਕੌਰ ਵੱਲੋਂ ਕੀਤਾ ਗਿਆ।