ਆਦਮਪੁਰ, 24 ਅਗਸਤ (ਕਰਮਵੀਰ ਸਿੰਘ)
ਰੇਨਬੋ ਪਬਲਿਕ ਸਕੂਲ ਸਤੋਵਾਲੀ ਆਦਮਪੁਰ ਅਤੇ ਕਿਡਜੀ ਸਕੂਲ ਵਿੱਚ ਪ੍ਰਬੰਧਕ ਅਨਿਲ ਕੁਮਾਰ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਅਸ਼ਟਮੀ ਮਨਾਈ ਗਈ। ਜਿਸ ਦੀ ਪ੍ਰਧਾਨਗੀ ਪਿ੍ਰੰਸੀਪਲ ਜੋਧ ਸਿੰਘ ਡੋਗਰਾ ਨੇ ਕੀਤੀ। ਇਸ ਸਮਾਗਮ ਦੇ ਆਰੰਭ ਵਿੱਚ ਇਸ ਤਿਉਹਾਰ ਦੇ ਮਹੱਤਵ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਦੁਆਰਾ ਫੈਂਸੀ ਡਰੈਸ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਸ਼੍ਰੀ ਕ੍ਰਿਸ਼ਨ, ਰਾਧਾ, ਬਲਰਾਮ ਅਤੇ ਗੋਪੀਆਂ ਦਾ ਰੂਪ ਧਾਰਨ ਕਰਕੇ ਰਾਸਲੀਲਾ ਪੇਸ਼ ਕੀਤੀ ਗਈ ਤੇ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦੇ ਸੰਬੰਧਿਤ ਨਾਚ ਪੇਸ਼ ਕੀਤੇ ਗਏ। ਕਿਡਜੀ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਮਦਦ ਨਾਲ ਕਲਾ ਤੇ ਸ਼ਿਲਪ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਮਟਕੀ ਸਜਾਉਣਾ, ਬਾਂਸਰੀ ਤੇ ਮੁਕਟ ਨੂੰ ਬਣਾਉਣ ਆਦਿ ਵਿੱਚ ਵੀ ਭਾਗ ਲਿਆ। ਇਸ ਤਿਉਹਾਰ ਦੇ ਤਹਿਤ ਵਿਦਿਆਰਥੀਆਂ ਦੁਆਰਾ ਗਵਾਲਿਆਂ ਦਾ ਰੂਪ ਧਾਰਨ ਕਰਕੇ ‘ਦਹੀਂ ਹਾਂਡੀ' ਤੋੜਨ ਦਾ ਦਿ੍ਰਸ਼ ਆਕਰਸ਼ਣ ਦਾ ਕੇਂਦਰ ਰਿਹਾ। ਅਖੀਰ ਵਿੱਚ ਪਿ੍ਰੰਸੀਪਲ ਨੇ ਇਸ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਹੋਇਆ ਦੱਸਿਆ ਕਿ ਕਿਸ ਪ੍ਰਕਾਰ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਬਲ ਤੇ ਬੁੱਧੀ ਨਾਲ ਬੁਰਾਈ ਦੇ ਵਿਰੁੱਧ ਜਿੱਤ ਪ੍ਰਾਪਤ ਕੀਤੀ ਤੇ ਉਹਨਾਂ ਨੇ ਬੱਚਿਆਂ ਨੂੰ ਧਰਮ ਤੇ ਸੱਚ ਦੇ ਰਾਹ ਉੱਪਰ ਚੱਲਣ ਦਾ ਸੰਦੇਸ਼ ਦਿੱਤਾ।