ਮੋਰਿੰਡਾ, 24 ਅਗਸਤ (ਲਖਵੀਰ ਸਿੰਘ)
ਮੋਰਿੰਡਾ ਦੇ ਵਾਰਡ ਨੰਬਰ 8 ਦੇ ਜੋਗੀਆਂ ਵਾਲੇ ਮੁਹੱਲੇ ਵਿੱਚ ਡਾਇਰੀਆ ਬਿਮਾਰੀ ਦਾ ਪ੍ਰਕੋਪ ਜਾਰੀ ਹੈ। ਸਰਕਾਰੀ ਹਸਪਤਾਲ ਮੋਰਿੰਡਾ ਵਿੱਚ 6 ਹੋਰ ਮਰੀਜ਼ਾਂ ਨੂੰ ਦਾਖਲ ਕੀਤਾ ਗਿਆ। ਵਾਰਡ ਵਿੱਚ ਸਿਹਤ ਕਰਮਚਾਰੀਆਂ ਵਲੋਂ ਲਗਾਏ ਮੈਡੀਕਲ ਕੈਂਪ ਦੌਰਾਨ 190 ਘਰਾਂ ਵਿੱਚ ਡਾਇਰੀਆ ਬਿਮਾਰੀ ਤੋਂ ਬਚਾਅ ਲਈ ਦਵਾਈਆਂ ਵੰਡੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਮੋਰਿੰਡਾ ਦੇ ਮੈਡੀਕਲ ਅਫਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ 41 ਹੋ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਮਰੀਜ਼ਾਂ ਵਿੱਚੋਂ ਬੀਤੀ ਕੱਲ੍ਹ ਚਾਰ ਮਰੀਜ਼ਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਸਾਰੇ ਮਰੀਜ਼ਾਂ ਦੇ ਇਲਾਜ ਲਈ ਹਸਪਤਾਲ ਵਿੱਚ ਸਾਰੀਆਂ ਲੋੜੀਂਦੀਆਂ ਦਵਾਈਆਂ ਮੌਜੂਦ ਹਨ। ਉਹਨਾਂ ਅਪੀਲ ਕੀਤੀ ਕਿ ਡਾਇਰੀਆ ਦੀ ਬਿਮਾਰੀ ਦੌਰਾਨ ਆਪਣੇ ਪੱਧਰ ’ਤੇ ਕੋਈ ਦਵਾਈ ਨਾ ਲੈਣ। ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਵਾਰਡ ਦੇ 190 ਘਰਾਂ ਵਿੱਚ ਡਾਇਰੀਆ ਤੋਂ ਬਚਾਅ ਲਈ ਓ.ਆਰ.ਐੱਸ. ਘੋਲ ਅਤੇ ਲੋੜੀਂਦੀਆਂ ਦਵਾਈਆਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਜਲ ਸਪਲਾਈ ਵਿਭਾਗ ਦੇ ਐੱਸ.ਡੀ.ਓ. ਤਰੁਣ ਗੁਪਤਾ ਨੇ ਦੱਸਿਆ ਕਿ ਸਬੰਧਿਤ ਵਾਰਡ ਵਿੱਚ ਵਾਰਡ ਵਾਸੀਆਂ ਨੂੰ ਵਿਭਾਗ ਦੀਆਂ ਮੋਟਰਾਂ ਤੋਂ ਪਾਣੀ ਦੀ ਸਪਲਾਈ ਕੀਤੀ ਗਈ ਹੈ। ਇਸ ਪਾਣੀ ਦੀ ਵਰਤੋਂ ਕੱਪੜੇ ਧੋਣ ਜਾਂ ਹੋਰ ਘਰੇਲੂ ਕੰਮਾਂ ਲਈ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਟੀਪਰਪਜ਼ ਹੈਲਥ ਵਰਕਰ ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਬੇਅੰਤ ਸਿੰਘ, ਕਿਰਨਦੀਪ ਕੌਰ, ਸੁਦੇਸ਼ ਕੁਮਾਰੀ, ਕਮਲਜੀਤ ਕੌਰ, ਕੁੱਕੀ ਰਾਣੀ, ਸੁਖਬੀਰ ਕੌਰ ਆਦਿ ਮੌਜੂਦ ਸਨ।