ਬਲਵਿੰਦਰ ਰੈਤ
ਨੂਰਪੁਰ ਬੇਦੀ, 24 ਅਗਸਤ
ਡਾ.ਤਰਸੇਮ ਸਿੰਘ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.ਜਗਦੀਪ ਸਿੰਘ ਮੈਡੀਕਲ ਅਫਸਰ ਸੀਐਸਸੀ ਸਿੰਘਪੁਰ ਦੀ ਅਗਵਾਈ ਹੇਠ ਬਲਾਕ ਨੂਰਪੁਰ ਬੇਦੀ ਅਤੇ ਪਿੰਡ ਗੋਪਾਲਪੁਰ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋ ਤੰਬਾਕੂ ਕੋਟਪਾ ਐਕਟ ਸਬੰਧੀ ਦੁਕਾਨਾਂ ਦੀ ਅਚਾਨਕ ਚੈਕਿੰਗ ਕੀਤੀ ਗਈ। ਡਾ.ਜਗਦੀਪ ਸਿੰਘ ਨੇ ਦੱਸਿਆ ਕਿ ਕੋਟਪਾ ਐਕਟ ਦੀਆਂ ਧਰਾਵਾਂ ਦੀਆਂ ਉਲੰਘਣਾਂ ਕਰਨ ਵਾਲੇ ਦੁਕਾਨਦਾਰਾਂ ਦਾ ਚਲਾਨ ਕੀਤੇ ਗਏ। ਇਸ ਮੋਕੇ ਲੋਕਾਂ ਨੂੰ ਤੰਬਾਕੂ ਦਾ ਸਿਹਤ ਤੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਗਈ। ਹੈਲਥ ਸੁਪਰਵਾਈਜ਼ਰ ਰਜੇਸ਼ ਸੋਨੀ ਅਤੇ ਹੈਲਥ ਵਰਕਰ ਤਰਨਜੀਤ ਸਿੰਘ, ਮਨਦੀਪ ਸਿੰਘ ,ਸ਼ਿਵ ਕੁਮਾਰ ਨੇ ਦੱਸਿਆ ਕਿ ਤੰਬਾਕੂ ਵਿਚਲੇ ਹਾਨੀਕਾਰਕ ਤੱਤ ਫੇਫੜਿਆਂ ਦਾ ਕੈਂਸਰ, ਜੀਭ ਦਾ ਕੈਂਸਰ, ਦਮਾ ਤਪਦਿਕ ਆਦਿ ਬਿਮਾਰੀਆਂ ਪੈਦਾ ਕਰਦਾ ਹੈ। ਜੇਕਰ ਕੋਈ ਗਰਭਵਤੀ ਔਰਤ ਤੰਬਾਕੂ ਦਾ ਸੇਵਨ ਕਰਦੀ ਹੈ ਤਾਂ ਉਸ ਨਾਲ ਖੂਨ ਦਾ ਵਹਿਣਾ ਅਤੇ ਗਰਭਪਾਤ ਤੱਕ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਤੰਬਾਕੂ ਉਤਪਾਦਾਂ ਤੇ 85 ਪ੍ਰਤੀਸ਼ਤ ਹਿੱਸੇ ਤੇ ਤੰਬਾਕੂ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੈ ਲਿਖਣਾ ਜਰੂਰੀ ਹੈ। ਕੋਟਪਾ ਐਕਟ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣਾ ਕਾਨੂੰਨੀ ਅਪਰਾਧ ਹੈ। ਵਿੱਦਿਅਕ ਅਦਾਰਿਆ ਦੇ 100 ਗੱਜ ਦੇ ਦਾਇਰੇ ਵਿੱਚ ਤੰਬਾਕੂ ਉਤਪਾਦ ਵੇਚਣਾ ਸਜਾਯੋਗ ਹੈ। ਇਸਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਹੋ ਸਕਦਾ ਹੈ। ਇਸ ਲਈ ਆਪਣੀ ਸਿਹਤ ਨੂੰ ਮੁੱਖ ਰੱਖਦੇ ਹੋਏ ਤੰਬਾਕੂ ਉਤਪਾਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੇਕਰ ਅਸੀਂ ਖੁਦ ਤੰਦਰੁਸਤ ਹੋਵਾਗੇਂ, ਤਾਂ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।