ਨਵੀਂ ਦਿੱਲੀ, 26 ਅਗਸਤ
ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਹੈ। ਅੱਜ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜੰਮੂ-ਕਸ਼ਮੀਰ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪਹਿਲੇ ਪੜਾਅ ਲਈ 15, ਦੂਜੇ ਪੜਾਅ ਲਈ 10 ਅਤੇ ਤੀਜੇ ਪੜਾਅ ਦੀ ਵੋਟਿੰਗ ਲਈ 19 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ 'ਚ ਤਿੰਨ ਪੜਾਵਾਂ 'ਚ ਚੋਣਾਂ ਹੋਣੀਆਂ ਹਨ।
ਭਾਜਪਾ ਨੇ ਕੁੱਲ 44 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਰਾਜਪੋਰਾ ਤੋਂ ਅਰਸ਼ੀਦ ਭੱਟ, ਸ਼ੋਪੀਆਂ ਤੋਂ ਜਾਵੇਦ ਅਹਿਮਦ ਕਾਦਰੀ, ਅਨੰਤਨਾਗ ਪੱਛਮੀ ਤੋਂ ਮੁਹੰਮਦ ਰਫੀਕ ਵਾਨੀ ਨੂੰ ਉਮੀਦਵਾਰ ਬਣਾਇਆ ਹੈ। ਐਡਵੋਕੇਟ ਸਈਅਦ ਵਜਾਹਤ ਅਨੰਤਨਾਗ ਤੋਂ, ਸ਼੍ਰੀਮਤੀ ਸ਼ਗੁਨ ਪਰਿਹਾਰ ਕਿਸ਼ਤਵਾੜ ਅਤੇ ਗਜੈ ਸਿੰਘ ਰਾਣਾ ਡੋਡਾ ਤੋਂ ਚੋਣ ਲੜਨਗੇ।
ਇਸ ਸੂਚੀ ਦੀ ਖਾਸ ਗੱਲ ਇਹ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾਕਟਰ ਨਿਰਮਲ ਸਿੰਘ ਨੂੰ ਟਿਕਟ ਨਹੀਂ ਮਿਲੀ ਹੈ। ਨਿਰਮਲ ਸਿੰਘ ਨੇ 2014 ਵਿੱਚ ਬਿਲਵਾਰ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਸੀ।ਉੱਥੇ ਹੀ ਸਾਬਕਾ ਡਿਪਟੀ ਸੀਐਮ ਕਵਿੰਦਰ ਗੁਪਤਾ ਨੂੰ ਵੀ ਟਿਕਟ ਨਹੀਂ ਮਿਲੀ ਹੈ। ਹਾਲਾਂਕਿ ਕਿਆਸ ਲਗਾਏ ਜਾ ਰਹੇ ਹਨ ਕਿ ਅਗਲੀ ਸੂਚੀ 'ਚ ਕਵਿੰਦਰ ਗੁਪਤਾ ਦੇ ਨਾਂ ਦਾ ਐਲਾਨ ਹੋ ਸਕਦਾ ਹੈ। ਇਸ ਸੂਚੀ ਵਿੱਚ ਪ੍ਰਦੇਸ਼ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਦੇ ਨਾਂ ਦਾ ਵੀ ਐਲਾਨ ਨਹੀਂ ਕੀਤਾ ਗਿਆ ਹੈ।
ਐਤਵਾਰ ਨੂੰ ਹੋਈ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ। ਜੇਪੀ ਨੱਡਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਮੇਟੀ ਦੇ ਹੋਰ ਮੈਂਬਰ ਸ਼ਾਮਲ ਹੋਏ। ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 2024 ਲਈ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।