ਅਮਰਦੀਪ ਕੌਰ ਖਰੜ, 28/ ਅਗਸਤ
ਖਰੜ ਤਹਿਸੀਲ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਸਕਰੁੱਲਾਂਪੁਰ, ਜਿਸ ਦੀ ਬਰਸਾਤਾਂ ਦੇ ਪਾਣੀ ਕਾਰਨ ਮਾੜੀ ਹਾਲਤ ਹੋ ਚੁੱਕੀ ਹੈ । ਇੱਥੇ ਦੱਸਣਯੋਗ ਹੈ ਕਿ ਸਕੂਲ ਸੜਕ ਨਾਲੋਂ ਬਹੁਤ ਨੀਵਾਂ ਹੈ ਅਤੇ ਸਕੂਲ ਦੇ ਨੇੜੇ ਹੀ ਇੱਕ ਬਹੁਤ ਵੱਡਾ ਛੱਪੜ ਬਣਿਆ ਹੋਇਆ ਹੈ ਜਿਸ ਦਾ ਗੰਦਾ ਪਾਣੀ ਸਕੂਲ ਦੇ ਵਿਹੜੇ ਵਿੱਚ ਚਲਾ ਜਾਂਦਾ ਹੈ ਅਤੇ ਪਾਣੀ ਘਟਣ ਤੋਂ ਬਾਅਦ ਫਰਸ਼ ਉੱਪਰ ਹਰਿਆਈ ਜੰਮ ਜਾਂਦੀ ਹੈ ਜਿਸ ਤੇ ਮੱਖੀਆਂ ਮੱਛਰ ਅਕਸਰ ਹੀ ਭਿਣਕਦੇ ਰਹਿੰਦੇ ਹਨ ਜਿਸ ਕਾਰਨ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ । ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਮੀਹ ਵਾਲੇ ਦਿਨ ਬੱਚੇ ਇਸ ਗੰਦੇ ਪਾਣੀ ਵਿੱਚੋਂ ਲੰਘ ਕੇ ਜਮਾਤਾਂ ਵਿੱਚ ਜਾਂਦੇ ਹਨ ਅਤੇ ਕਈ ਵਾਰ ਬੱਚੇ ਇਸ ਪਾਣੀ ਵਿੱਚ ਡਿੱਗ ਕੇ ਆਪਣੇ ਕੱਪੜੇ ਅਤੇ ਕਿਤਾਬਾਂ ਖਰਾਬ ਕਰ ਲੈਂਦੇ ਹਨ । ਇਸ ਤੋ ਪਹਿਲਾਂ ਵੀ ਕਈ ਵਾਰ ਇਸ ਸਬੰਧੀ ਪ੍ਰਸ਼ਾਸਨ ਨੂੰ ਅਤੇ ਵਿਭਾਗ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਪਰ ਕਿਸੇ ਨੇ ਵੀ ਕੋਈ ਹੱਲ ਨਹੀਂ ਕੀਤਾ । ਅਧਿਆਪਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਲਈ ਵੱਖਰੇ ਤੌਰ ਤੇ ਗ੍ਰਾਂਟ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।