ਸ਼੍ਰੀ ਚਮਕੌਰ ਸਾਹਿਬ, 28 ਅਗਸਤ(ਲੱਖਾ ਚੌਧਰੀ)
ਅੱਜ ਸਵੇਰੇ ਡਾ ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਨੇ ਇਥੋਂ ਦੇ ਸੇਵਾ ਕੇਂਦਰ, ਖ਼ਜ਼ਾਨਾ ਦਫ਼ਤਰ ਤੇ ਤਹਿਸੀਲ ਦਫਤਰ ਦਾ ਅਚਨਚੇਤ ਦੌਰਾ ਕੀਤਾ ਅਤੇ ਉਥੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੀ ਨਿਰਖਣ ਕੀਤਾ।ਖ਼ਜ਼ਾਨਾ ਦਫ਼ਤਰ ਦਾ ਦੌਰਾ ਕਰਦਿਆਂ ਉਨ੍ਹਾਂ ਵੱਖ-ਵੱਖ ਰਜਿਸਟਰਾਂ ਦੀ ਚੈਕਿੰਗ ਕੀਤੀ ਅਤੇ ਲੰਬਿਤ ਪਏ ਕੰਮਾਂ ਦਾ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਦਫ਼ਤਰ ਦੇ ਰਿਕਾਰਡ ਦੀ ਸਾਂਭ ਸੰਭਾਲ ਨਿਯਮਾਂ ਅਨੁਸਾਰ ਕੀਤੀ ਜਾਵੇ ਅਤੇ ਖ਼ਜ਼ਾਨਾ ਦਫਤਰ ਵਿਚ ਪਹੁੰਚੇ ਹਰ ਮਾਮਲੇ ਨੂੰ ਸਮਾਂਬਧ ਸੀਮਾ ਵਿਚ ਨਿਪਟਾਰਾ ਕੀਤਾ ਜਾਵੇ।ਉਨ੍ਹਾਂ ਤਹਿਸੀਲ ਦਫ਼ਤਰ ਦੀ ਨਵੀਨੀਕਰਨ ਕੀਤੀ ਇਮਾਰਤ ਦਾ ਦੌਰਾ ਕੀਤਾ ਅਤੇ ਸਾਫ਼ ਸਫ਼ਾਈ ਸਮੇਤ ਪਖਾਨਿਆਂ ਦੀ ਚੈਕਿੰਗ ਕਰਦਿਆਂ ਇਸ ਦੀ ਰੋਜ਼ਾਨਾ ਸਫ਼ਾਈ ਯਕੀਨੀ ਰੱਖਣ ਦੀ ਹਦਾਇਤ ਕੀਤੀ।ਇਸ ਮੌਕੇ ਉਨ੍ਹਾਂ ਐਸ ਡੀ ਐਮ ਕੰਪਲੈਕਸ ਵਿਚ ਬਣੇ ਸੇਵਾ ਕੇਂਦਰ ਦਾ ਦੌਰਾ ਵੀ ਕੀਤਾ
ਅਤੇ ਉਥੇ ਪਹੁੰਚੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਿਲ ਰਹੀਆਂ ਸੇਵਾਵਾਂ ਬਾਰੇ ਪੁੱਛਿਆ ਜਿਸ ਉਤੇ ਪੁੱਜੇ ਲੋਕਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਸਥਾਨਕ ਐਸ ਡੀ ਐਮ ਅਮਰੀਕ ਸਿੰਘ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਪਣੀਆਂ ਸੇਵਾਵਾਂ ਲਈ ਆ ਰਹੇ ਲੋਕਾਂ ਦਾ ਕੰਮ ਸਮਾਂਬੱਧ ਸੀਮਾ ਵਿਚ ਪੂਰਾ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਸਰਕਾਰੀ ਕੰਮ ਕਾਜ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਨਿਜ਼ਾਤ ਦਿੱਤੀ ਜਾ ਸਕੇ। ਇਸ ਦੌਰਾਨ ਉਨ੍ਹਾਂ ਸੀਨੀਅਰ ਸਿਟੀਜਨ ਦੇ ਅਰਜ਼ੀ ਦੀ ਸੁਣਵਾਈ ਪਹਿਲ ਦੇ ਆਧਾਰ ਉਤੇ ਕੀਤੀ ਜਾਵੇ।