ਸ੍ਰੀ ਫ਼ਤਹਿਗੜ੍ਹ ਸਾਹਿਬ/29 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਹਾਲ ਹੀ ਵਿੱਚ "ਸਬ ਤੋਂ ਵੱਧ ਜਾਣਕਾਰੀ ਵਾਲਾ ਸਿੰਘ ਤੇ ਕੌਰ- 2024" ਮੁਕਾਬਲਾ ਕਰਵਾਇਆ ਗਿਆ। ਇਹ ਉਪਰਾਲਾ ਕਾਲਜ ਦੇ ਨਵੇਂ ਵਿਦਿਆਰਥੀਆਂ ਦਾ ਸੁਆਗਤ ਕਰਨ ਅਤੇ ਉਨ੍ਹਾਂ ਨੂੰ ਸਿੱਖ ਇਤਿਹਾਸ ਤੇ ਰਵਾਇਤਾਂ ਦੀ ਜਾਣਕਾਰੀ ਦੇਣ ਲਈ ਕੀਤਾ ਗਿਆ।ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਡਾ. ਸੁਪ੍ਰੀਤ ਸਿੰਘ, ਇੰਚਾਰਜ, ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਮੁੱਖ ਮਹਿਮਾਨ, ਹਿੱਸੇਦਾਰਾਂ ਅਤੇ ਦਰਸ਼ਕਾਂ ਦਾ ਸਵਾਗਤ ਕੀਤਾ ਗਿਆ। ਇਸ ਈਵੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਵਨੀਤ ਸਿੰਘ, ਜੋ ਕਿ ਇਕ ਉੱਦਮੀ ਹਨ, ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਉਨ੍ਹਾਂ ਨੂੰ ਆਪਣੇ ਟੀਚਿਆਂ ਬਾਰੇ ਸਪਸ਼ਟ ਦੂਰ ਦ੍ਰਿਸ਼ਟੀ ਅਪਨਾਉਣ ਦੀ ਪ੍ਰੇਰਣਾ ਦਿੱਤੀ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਆਪਣੀਆਂ ਜੜਾਂ ਨਾਲ ਜੁੜੇ ਰਹਿਣ ਦੇ ਮਹੱਤਵ ਨੂੰ ਸਾਂਝਾ ਕੀਤਾ।ਇਸ ਮੌਕੇ ਸਾਹਿਬਨੂਰ ਸਿੰਘ ਨੂੰ ਗੈਸਟ ਆਫ ਆਨਰ ਵਜੋਂ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਵੱਲੋਂ ਵਿਦਿਆਰਥੀਆਂ ਨਾਲ ਆਪਣੀ ਦੂਰ ਦ੍ਰਿਸ਼ਟੀ ਸਾਂਝੀ ਕਰਨ ਲਈ ਸਮਾਗਮ ਦੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ। ਇਸ ਮੁਕਾਬਲੇ ਦੇ ਕਈ ਰਾਊਂਡ ਸਨ, ਜਿਵੇਂ ਕਿ ਆਡੀਓ-ਵੀਜ਼ੁਅਲ ਰਾਊਂਡ ਅਤੇ ਰੈਪਿਡ-ਫਾਇਰ ਰਾਊਂਡ। ਜਿਹਨਾ ਵਿੱਚੋਂ ਜੇਤੂ ਰਹਿਣ ਵਾਲੇ ਗੁਰਜੋਤ ਸਿੰਘ ਅਤੇ ਅੰਤਰਪ੍ਰੀਤ ਕੌਰ ਨੂੰ "ਸਬ ਤੋਂ ਵੱਧ ਜਾਣਕਾਰੀ ਵਾਲਾ ਸਿੰਘ" ਅਤੇ "ਸਬ ਤੋਂ ਵੱਧ ਜਾਣਕਾਰੀ ਵਾਲੀ ਕੌਰ" ਦੇ ਸਨਮਾਨ ਨਾਲ ਨਵਾਜਿਆ ਗਿਆ। ਇਹ ਇਵੈਂਟ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਸਿੱਖ ਇਤਿਹਾਸ ਅਤੇ ਰਵਾਇਤਾਂ ਨੂੰ ਉਜਾਗਰ ਕਰਨ ਦੀ ਪ੍ਰਤੀਬੱਧਤਾ ਨੂੰ ਰੱਖਣ ਵਿੱਚ ਸਫਲ ਰਿਹਾ, ਜਿਸ ਨੂੰ ਭਵਿੱਖ ਦੀਆਂ ਪੀੜ੍ਹੀਆਂ ਦੁਆਰਾ ਪਿਆਰ ਨਾਲ ਸਾਂਭਿਆ ਜਾਵੇਗਾ। ਇਸ ਮੌਕੇ ਤੇ ਵਿਦਿਆਰਥੀਆਂ ਵਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਗਏ।