ਬਿ੍ਰਸਬੇਨ ( ਪੁਸ਼ਪਿੰਦਰ ਤੂਰ) -
ਆਸਟ੍ਰੇਲੀਆ ਦੀ ਸਾਹਿਤਿਕ ਰਾਜਧਾਨੀ ਵਜੋਂ ਜਾਣੇ ਜਾਂਦੇ ਸ਼ਹਿਰ ਬਿ੍ਰਸਬੇਨ ਵਿੱਚ ਬੀਤੇ ਦਿਨੀਂ ਗਿੱਧਾ ਕੱਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਨਾਮਵਰ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਜੀ, ਗਿੱਧਾ ਵਿਸ਼ੇਸ਼ੱਗ ਸਰਬਜੀਤ ਮਾਂਗਟ ਅਤੇ ਹੋਰ ਵਿਸ਼ੇਸ ਸ਼ਖ਼ਸ਼ੀਅਤਾਂ ਵੀ ਉਨ੍ਹਾਂ ਦੇ ਨਾਲ ਉਚੇਚੇ ਰੂਪ ਵਿੱਚ ਸ਼ਾਮਲ ਸਨ। ਇਸ ਉਪਰੰਤ ਉਹ ਆਸਟ੍ਰੇਲੀਆ ਦੀ ਸਿਰਮੌਰ ਸਾਹਿਤਿਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ (ਇਪਸਾ) ਦਾ ਵਿਸ਼ੇਸ਼ ਦੌਰਾ ਕੀਤਾ। ਇਪਸਾ ਦੇ ਕੀਤੇ ਜਾਂਦੇ ਯਤਨਾਂ ਦੀ ਉਹਨਾਂ ਭਰਪੂਰ ਪ੍ਰਸੰਸਾ ਕੀਤੀ ਅਤੇ ਇੰਡੋਜ਼ ਵਿਖੇ ਸਥਾਪਿਤ ਪੰਜਾਬੀ ਲਾਇਬ੍ਰੇਰੀ ਦੇ ਹਾਲ ਆਫ਼ ਫੇਮ ਵਿਚ ਅਮਰ ਨੂਰੀ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਮਰਹੂਮ ਸਰਦੂਲ ਸਿਕੰਦਰ ਜੀ ਦੀ ਪੋਰਟਰੇਟ ਆਪਣੇ ਹੱਥੀਂ ਬਹੁਤ ਹੀ ਸੰਜੀਦਾ ਅਤੇ ਭਾਵੁਕ ਮਾਹੌਲ ਵਿੱਚ ਲਗਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਭਜੋਤ ਸਿੰਘ ਸੰਧੂ ਪੰਜਾਬੀ ਕੌਂਸਲ ਸਿਡਨੀ ਦੇ ਸੋਹਣੇ ਸ਼ਬਦਾਂ ਨਾਲ ਸਰਦੂਲ ਸਿਕੰਦਰ ਦੀ ਸੰਗੀਤਕ ਦੇਣ ਬਾਰੇ ਚਾਨਣਾ ਪਾਉਂਦਿਆਂ ਹੋਈ। ਇਸ ਤੋਂ ਬਾਅਦ ਮਨਜੀਤ ਬੋਪਾਰਾਏ ਨੇ ਇਪਸਾ ਦੀਆਂ ਪ੍ਰਾਪਤੀਆਂ, ਕਾਰਜਾਂ ਅਤੇ ਇਤਿਹਾਸ ਬਾਰੇ ਦੱਸਦਿਆਂ ਸਰਦੂਲ ਹੁਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ਰਧਾਂਜਲੀ ਦਿੰਦਿਆਂ ਗੀਤਕਾਰ ਨਿਰਮਲ ਦਿਓਲ ਜੀ ਨੇ ਸਰਦੂਲ ਸਿਕੰਦਰ ਨਾਲ ਬਿਤਾਏ ਪਲਾਂ ਦਾ ਜ਼ਿਕਰ ਕੀਤਾ। ਗਾਇਕ ਕੁਲਜੀਤ ਸੰਧੂ, ਬਿੱਕਰ ਬਾਈ ਅਤੇ ਪਾਲ ਰਾਊਕੇ ਵੱਲੋਂ ਗੀਤਾਂ ਨਾਲ ਸਰਦੂਲ ਸਿਕੰਦਰ ਨੂੰ ਯਾਦ ਕੀਤਾ ਗਿਆ। ਪਰਥ ਤੋਂ ਆਏ ਹਰਲਾਲ ਸਿੰਘ ਨੇ ਸਰਦੂਲ ਸਿਕੰਦਰ ਨੂੰ ਨਮਨ ਕਰਦਿਆਂ ਇਪਸਾ ਦੇ ਇਸ ਉਪਰਾਲੇ ਨੂੰ ਬਹੁਤ ਵਿਸ਼ੇਸ ਦੱਸਿਆ। ਇਪਸਾ ਦੇ ਪ੍ਰਧਾਨ ਰੁਪਿੰਦਰ ਸੋਜ਼ ਨੇ ਸਰਦੂਲ ਸਿਕੰਦਰ ਦੀ ਗਾਇਕੀ ਦੇ ਸੰਜੀਦਾ, ਉਸਾਰੂ ਅਤੇ ਸਕੂਨ ਦੇਣ ਵਾਲੇ ਪੱਖ ਬਾਰੇ ਵਿਚਾਰ ਰੱਖੇ।