ਬਰਨਾਲਾ 29 ਅਗਸਤ (ਧਰਮਪਾਲ ਸਿੰਘ, ਬਲਜੀਤ ਕੌਰ)-
ਰਾਮ ਸਰੂਪ ਅਣਖੀ ਸਾਹਿਤ ਸਭਾ (ਰਜ਼ਿ:) ਧੌਲਾ ਵੱਲੋਂ ਪੰਜਾਬੀ ਦੇ ਉੱਘੇ ਗਲਪਕਾਰ ਰਾਮ ਸਰੂਪ ਅਣਖੀ ਦੇ 92ਵੇਂ ਜਨਮ ਦਿਨ ਮੌਕੇ ਸਾਹਿਤਕ ਸਮਾਗਮ ਅਰੁਣ ਮੈਮੋਰੀਅਲ ਕਮਿਊਨਿਟੀ ਐਂਡ ਕਲਚਰ ਸੈਂਟਰ ਸੰਘੇੜਾ ਰੋਡ ਬਰਨਾਲਾ ਵਿਖੇ ਕਰਵਾਇਆ ਗਿਆ।ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬੀ ਸਾਹਿਤ ਦੇ ਵਿਅੰਗਕਾਰ ਡਾ. ਕੇ.ਐੱਲ ਗਰਗ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ।ਸਮਾਗਮ ਦੌਰਾਨ ਲੇਖਕਾਂ ਅਤੇ ਪਾਠਕਾਂ ਨੂੰ ਸੰਬੋਧਨ ਕਰਦਿਆਂ ਡਾ. ਕੇ.ਐੱਲ ਗਰਗ ਨੇ ਕਿਹਾ ਕਿ ਰਾਮ ਸਰੂਪ ਅਣਖੀ ਇੱਕ ਸੱਚਮੁੱਚ ਸਿੱਧਾ ਬਿਨਾਂ ਵਿੰਗ ਵਲ ਵਾਲਾ ਲੇਖਕ ਸੀ।ਜਿਸ ਨੇ ਘਰ ਦੀਆਂ ਅਨੇਕਾਂ ਵੱਡੀਆਂ ਔਕੜਾਂ ਦੇ ਬਾਵਜੂਦ ਪੰਜਾਬੀ ਸਾਹਿਤ ਲਈ ਨਿੱਠ ਕੇ ਲਿਖਿਆ।ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਸ੍ਰੀ ਅਣਖੀ ਖੁਦ ਵੱਡਾ ਲੇਖਕ ਹੁੰਦੇ ਹੋਏ ਨਵੇਂ ਲੇਖਕਾਂ ਨੂੰ ਕਦੇ ਛੋਟਾ ਮਹਿਸੂਸ ਨਹੀਂ ਹੋਣ ਦਿੱਤਾ।ਉਨ੍ਹਾਂ ਨੇ ਅਣਖੀ ਦੇ ਰਚਨਾ ਸੰਸਾਰ ‘ਤੇ ਵੀ ਝਾਤ ਪਾਈ।ਭਾਰਤੀ ਸਾਹਿਤ ਅਕਾਦਮੀ ਦੇ ਜਨਰਲ ਕੌਸ਼ਲ ਮੈਂਬਰ ਤੇ ਉੱਘੇ ਗਜ਼ਲਗੋ ਬੂਟਾ ਸਿੰਘ ਚੌਹਾਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਣਖੀ ਨੇ ਪੰਜਾਬੀ ਕਹਾਣੀ ਵਿਚ ਆਪਣੀ ਟਕਸਾਲ ਪੈਦਾ ਕੀਤੀ।ਡਾ. ਸਤਨਾਮ ਸਿੰਘ ਜੱਸਲ ਅਤੇ ਲੇਖਕ ਸੀ. ਮਾਰਕੰਡਾ ਨੇ ਵੀ ਰਾਮ ਸਰੂਪ ਅਣਖੀ ਦੇ ਸ਼ੁਰੂਆਤੀ ਦੌਰ ਦੇ ਰਚਨਾ ਸੰਸਾਰ ਬਾਰੇ ਗੱਲਾਂ ਸਾਂਝੀਆਂ ਕੀਤੀਆਂ।ਸਮਾਗਮ ਦੌਰਾਨ ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਜ਼ਿਲ੍ਹਾ ਭਾਸ਼ਾ ਅਫਸਰ ਮੋਗਾ ਅਜੀਤਪਾਲ, ਕੌਮੀ ਪੁਰਸਕਾਰ ਵਿਜੇਤਾ ਪਾਲੀ ਖਾਦਿਮ, ਖੋਜ਼ ਅਫਸਰ ਮਾਨਸਾ ਗੁਰਪ੍ਰੀਤ, ਡਾ. ਸੁਰਿੰਦਰ ਸਿੰਘ ਭੱਠਲ, ਪ੍ਰੋ. ਕਰਾਂਤੀ ਪਾਲ, ਡਾ. ਭੁਪਿੰਦਰ ਸਿੰਘ ਬੇਦੀ ਆਦਿ ਨੇ ਸ੍ਰੀ ਅਣਖੀ ਦੇ ਨਾਵਲਾਂ ਅਤੇ ਕਹਾਣੀਆਂ ਤੇ ਆਪਣੀਆਂ ਵਿਸ਼ੇਸ਼ ਟਿੱਪਣੀਆਂ ਦਿੱਤੀਆਂ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਭਾ ਦੇ ਸਰਪ੍ਰਸਤ ਗੁਰਸੇਵਕ ਸਿੰਘ ਧੌਲਾ, ਪ੍ਰਧਾਨ ਬੇਅੰਤ ਸਿੰਘ ਬਾਜਵਾ ਅਤੇ ਮੀਤ ਪ੍ਰਧਾਨ ਅਮਨਦੀਪ ਸਿੰਘ ਮਾਰਕੰਡਾ ਨੇ ਦੱਸਿਆ ਕਿ ਸਾਹਿਤ ਸਭਾ ਧੌਲਾ ਵੱਲੋਂ ਹਰ ਸਾਲ ਪੰਜਾਬੀ ਦੇ ਮਰਹੂਮ ਗਲਪਕਾਰ ਰਾਮ ਸਰੂਪ ਅਣਖੀ ਦੇ ਜਨਮ ਦਿਨ ਮੌਕੇ ਸਾਹਿਤਕ ਸਮਾਗਮ ਕੀਤੇ ਜਾਂਦੇ ਹਨ।ਜਿਸ ਵਿੱਚ ਪੰਜਾਬ ਅਤੇ ਬਾਹਰਲੇ ਪ੍ਰਾਂਤਾਂ ਚੋਂ ਲੇਖਕ ਇਸ ਸਮਾਗਮ ਦਾ ਹਿੱਸਾ ਬਣਦੇ ਹਨ।ਇਸ ਮੌਕੇ ਸਭਾ ਵੱਲੋਂ ਪੰਜਾਬੀ ਦੇ ਕਥਾਕਾਰ ਰਾਜਵਿੰਦਰ ਸਿੰਘ ਰਾਜਾ ਨੂੰ 7ਵਾਂ ਰਾਮ ਸਰੂਪ ਅਣਖੀ ਯਾਦਗਾਰੀ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ।ਜਿਸ ਵਿਚ ਗਿਆਰ੍ਹਾਂ ਹਜ਼ਾਰ ਰੁਪਏ ਨਗਦ ਰਾਸ਼ੀ ਵੀ ਸ਼ਾਮਲ ਹੈ।ਸਮਾਗਮ ਵਿਚ ਹਾਜ਼ਰ ਕਵੀਆਂ ਵੱਲੋਂ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਕੇਵਲ ਕ੍ਰਾਂਤੀ, ਮਾ. ਰਾਮ ਸਰੂਪ ਸਰਮਾਂ, ਜਗਤਾਰ ਰਤਨ, ਕੁਲਦੀਪ ਰਾਜੂ, ਪਿ੍ਰੰਸੀਪਲ ਸੁਖਵਿੰਦਰ ਸਿੰਘ, ਸਤਪਾਲ ਡੀ.ਪੀ, ਪ੍ਰਦੀਪ ਕੁਮਾਰ, ਵਰਿੰਦਰ ਕੁਮਾਰ, ਹਰੀ ਸਿੰਘ, ਗੁਰਪ੍ਰੀਤ ਗੈਰੀ, ਸ਼ੁਭਾਸ ਸਿੰਗਲਾ ਆਦਿ ਹਾਜ਼ਰ ਸਨ।