ਰਾਜਪੁਰਾ, 29 ਅਗਸਤ (ਡਾ. ਗੁਰਵਿੰਦਰ ਅਮਨ)
ਅੱਜ ਸਿਟੀ ਥਾਣੇ ਦੇ ਨਵ-ਨਿਯੁਕਤ ਐੱਸ.ਐੱਚ.ਓ. ਇੰਸਪੈਕਟਰ ਬਲਵਿੰਦਰ ਸਿੰਘ ਵਲੋਂ ਭਾਰੀ ਪੁਲਿਸ ਫੋਰਸ ਅਤੇ ਸਿਹਤ ਵਿਭਾਗ ਦੀ ਡਰੱਗ ਇੰਸਪੈਕਟਰ ਕਰੁਣਾ ਗੁਪਤਾ ਨਾਲ ਮਿਲ ਕੇ ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਦਵਾਈਆਂ ਦੀਆਂ ਦੁਕਾਨਾਂ ਦੁਆਲੇ ਘੇਰਾ ਪਾ ਕੇ ਛਾਪਾਮਾਰੀ ਕਰ ਇਕੱਲੀ ਇਕੱਲੀ ਦੁਕਾਨ 'ਤੇ ਨਸ਼ੀਲੀਆਂ (ਪਾਬੰਦੀਸ਼ੁਦਾ) ਦਵਾਈਆਂ ਦੀ ਜਾਂਚ ਕੀਤੀ ਗਈ।ਇਸ ਉਪਰੰਤ ਪੁਲਿਸ ਫੋਰਸ ਸਥਾਨਕ ਮਿਰਚ ਮੰਡੀ ਦੀ ਝੁੱਗੀ ਝੋਪੜੀਆਂ ਦੀ ਬਸਤੀ ਵਿਚ ਸ਼ੱਕੀ ਘਰਾਂ 'ਚ ਵੀ ਛਾਣਬੀਣ ਕਰ ਘਰਾਂ ਦੇ ਮਾਲਕਾਂ ਨੂੰ ਨਸ਼ਾ ਵੇਚਨ ਤੋਂ ਗੁਰੇਜ਼ ਕਰਨ ਲਈ ਚਿਤਾਵਨੀ ਦਿੱਤੀ ਗਈ। ਇਸ ਮੌਕੇ ਐੱਸ.ਐੱਚ.ਓ. ਬਲਵਿੰਦਰ ਸਿੰਘ ਨਾਲ ਥਾਣੇਦਾਰ ਕਮਲਜੀਤ ਵਾਲੀਆ, ਸਹਾਇਕ ਥਾਣੇਦਾਰ ਲਖਵਿੰਦਰ ਸਿੰਘ, ਸਹਾਇਕ ਥਾਣੇਦਾਰ ਸੁਖਬੀਰ ਸਿੰਘ ਸਮੇਤ ਪੀ.ਸੀ.ਆਰ. ਦੇ ਵੱਡੀ ਗਿਣਤੀ 'ਚ ਮੁਲਾਜਮ ਹਾਜਰ ਸਨ। ਇਸ ਦੌਰਾਨ ਇੰਸਪੈਕਟਰ ਬਲਵਿੰਦਰ ਸਿੰਘ ਨੇ ਦਵਾਈਆਂ ਵੇਚਣ ਵਾਲੇ ਅਤੇ ਝੁੱਗੀ ਝੋਪੜੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਹਿਦਾਇਤ ਕੀਤੀ ਕਿ ਹੁਣ ਰਾਜਪੁਰਾ 'ਚ ਨਸ਼ੀਲੀਆਂ ਦਵਾਈਆਂ ਅਤੇ ਚਿੱਟੇ ਦਾ ਵਪਾਰ ਕਰਨ ਵਾਲੇ ਇਹ ਧੰਦਾ ਛੱਡ ਦੇਣ ਨਹੀਂ ਤਾਂ ਕਾਨੂੰਨ ਅਨੁਸਾਰ ਅਜਿਹਾ ਧੰਦਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਰਾਜਪੁਰਾ ਨੂੰ ਨਸ਼ਾ ਮੁਕਤ ਕਰਨ ਲਈ ਅਜਿਹੇ ਅਨਸਰਾਂ ਖਿਲਾਫ ਸਖ਼ਤ ਕਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਵਿਰੁੱਧ ਪਰਚੇ ਦਰਜ ਕੀਤੇ ਜਾਣਗੇ।ਉਹਨਾਂ ਕਿਹਾ ਕਿ ਜੇਕਰਕੋਈ ਵਿਅਕਤੀ ਨਸ਼ੇ ਕਰਨ ਦਾ ਆਦੀ ਹੈ ਤਾਂ ਉਹ ਪੁਲਿਸ ਥਾਣੇ ਆ ਕੇ ਆਪਣੀ ਤਕਲੀਫ ਦੱਸੇ ਤਾਂ ਉਸਦਾ ਸਰਕਾਰੀ ਖ਼ਰਚੇ 'ਤੇ ਇਲਾਜ ਵੀ ਕਰਵਾਇਆ ਜਾਵੇਗਾ।