ਬਨੂੜ, 29 ਅਗਸਤ (ਅਵਤਾਰ ਸਿੰਘ)
ਪੰਜਾਬ ਸਰਕਾਰ ਵੱਲੋਂ ਰੋਟਰੀ ਕਲੱਬ ਸੁਨਾਮ ਦੇ ਸਹਿਯੋਗ ਨਾਲ ਰਾਸ਼ਟਰੀ ਖੇਡ ਦਿਵਸ ਅਤੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਰਾਜ ਪੱਧਰੀ ਸਨਮਾਨ ਸਮਰੋਹ ਵਿੱਚ ਲੈਕਚਰਾਰ ਪਰਸ਼ੋਤਮ ਸਿੰਘ ਸੰਧੂ ਨੂੰ ਸ਼ਾਨਦਾਰ ਖੇਡ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਹੈ।
ਸੁਨਾਮ ਵਿਖੇ ਹੋਏ ਸਮਾਗਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਦਰੋਣਾਚਾਰੀਆ ਐਵਾਰਡੀ ਬਾਕਸਿੰਗ ਕੋਚ ਗੁਰਬਖ਼ਸ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ, ਜਦਕਿ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਰਣਬੀਰ ਸਿੰਘ ਭੰਗੂ, ਏਸ਼ੀਅਨ ਮੈਡਲਿਸਟ ਜੇਤੂ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਸਾਈਕਲਿਸਟ ਜੇ. ਐਸ ਕਾਹਲੋ, ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਵਿਸ਼ੇਸ ਮਹਿਮਾਨ ਵੱਜੋਂ ਸ਼ਾਮਲ ਹੋਏ। ਪ੍ਰਸਿੱਧ ਬਾਕਸਿੰਗ ਖਿਡਾਰੀ ਤੇ ਡੀਪੀਈ ਮਨਦੀਪ ਸਿੰਘ ਸੁਨਾਮ ਦੀ ਅਗਵਾਈ ਹੇਠ ਕਰਵਾਏ ਸਮਾਗਮ ਮੌਕੇ ਸ੍ਰੀ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆ ਅਤੇ ਖੇਡ ਨੀਤੀ ਬਾਰੇ ਜਾਣੂ ਕਰਵਾਇਆ। ਉਨਾਂ ਸਮਾਗਮ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਕਈ ਡੀਪੀਈ ਪਰੋਸ਼ਤਮ ਸਿੰਘ ਸੰਧੂ ਤੋਂ ਇਲਾਵਾ ਵੱਖ-ਵੱਖ ਖੇਡਾਂ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਅਤੇ ਸ਼ਾਨਦਾਰ ਖੇਡ ਸੇਵਾਵਾਂ ਸਦਕਾ ਖੇਡ ਅਧਿਆਪਕਾਂ ਅਤੇ ਕੋਚਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕਚਰਾਰ ਵੀਰਪਾਲ ਸਿੰਘ ਗਿੱਲ ਅਤੇ ਰੋਟਰੀ ਕਲੱਬ ਦੇ ਪ੍ਰਧਾਨ ਅਤੇ ਸਾਰੇ ਅਹੁਦੇਦਾਰ ਸ਼ਾਮਿਲ ਸਨ।
ਜਿਕਰਯੋਗ ਹੈ, ਕਿ ਲੈਕਚਰਾਰ ਪਰਸ਼ੋਤਮ ਸਿੰਘ ਸੰਧੂ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ (ਮੁਹਾਲੀ) ਵਿਖੇ ਬਤੋਰ ਸਰੀਰਕ ਸਿੱਖਿਆ ਦੇ ਲੈਕਚਰਾਰ ਹਨ। ਉਨਾਂ ਦੇ ਅਗਵਾਈ ਵਿੱਚ ਸਕੂਲ ਦੇ ਖਿਡਾਰੀ ਨੈਸ਼ਨਲ ਖੇਡਾਂ ਵਿੱਚ ਕਈ ਸੋਨ ਤਮਗੇ ਜਿੱਤ ਚੁੱਕੇ ਹਨ ਅਤੇ ਇਸ ਵਰ੍ਹੇ ਸਕੂਲ ਦੀ ਖਿਡਾਰਣ ਦਪਿੰਦਰ ਕੌਰ ਨੇ ਆਲ ਇੰਡੀਆ ਓਪਨ ਕਰਾਟੇ ਚੈਪੀਅਨਸ਼ਿਪ ਵਿੱਚ ਸਟੇਟ ਤੇ ਨੈਸ਼ਨਲ ਪੱਧਰ ਤੇ ਸੋਨਾ ਤੇ ਕਾਂਸ਼ੀ ਦਾ ਤਮਗਾ ਜਿੱਤਿਆ ਹੈ।