ਸ੍ਰੀ ਫ਼ਤਹਿਗੜ੍ਹ ਸਾਹਿਬ/30 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਐਮ. ਵੈਂਕਟੇਸ਼ਨ ਨੇ ਇੱਥੇ ਬੱਚਤ ਭਵਨ ਵਿਖੇ ਜ਼ਿਲ੍ਹਾ ਅਧਿਕਾਰੀਆਂ ਤੇ ਸਫ਼ਾਈ ਕਰਮਚਾਰੀਆਂ ਨਾਲ ਮੀਟਿੰਗ ਕਰਦਿਆਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫ਼ਾਈ ਕਰਮਚਾਰੀਆਂ ਨਾਲ ਸਬੰਧਤ ਠੇਕੇਦਾਰਾਂ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਬਾਬਤ ਸਖ਼ਤ ਕਾਰਵਾਈ ਕੀਤੀ ਜਾਵੇ। ਐਮ. ਵੈਂਕਟੇਸ਼ਨ ਨੇ ਕਿਹਾ ਕਿ ਦੇਸ਼ ਨੂੰ ਸਵੱਛ ਬਣਾਉਣ ਵਾਲੇ ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਸਫ਼ਾਈ ਕਰਮਚਾਰੀਆਂ ਨੂੰ ਵਰਦੀ, ਸਮੇਂ ਸਿਰ ਤਨਖਾਹ, ਸਿਹਤ ਸਹੂਲਤਾਂ ਅਤੇ ਕੰਮ ਲਈ ਉਪਕਰਨ ਮੁਹੱਈਆ ਕਰਵਾਉਣ ਸਮੇਤ ਜਿਨ੍ਹਾਂ ਕਰਮਚਾਰੀਆਂ ਨੂੰ ਆਪਣੇ ਬੈਂਕ ਖਾਤੇ ਸਬੰਧੀ ਕੇ.ਵਾਈ.ਸੀ ਆਦਿ ਦੀ ਸਮੱਸਿਆ ਹੈ, ਨੂੰ ਵੀ ਹੱਲ ਕਰਵਾਇਆ ਜਾਵੇ। ਚੇਅਰਮੈਨ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਆਪਣੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਸਬੰਧੀ ਕਮਿਸ਼ਨ ਦੇ ਨੰਬਰ 011-24648924 'ਤੇ ਸੰਪਰਕ ਕਰ ਸਕਦੇ ਹਨ। ਚੇਅਰਮੈਨ ਐਮ. ਵੈਂਕਟੇਸ਼ਨ ਨੇ ਇਹ ਵੀ ਹਦਾਇਤ ਕੀਤੀ ਕਿ ਕਰਮਚਾਰੀਆਂ ਦੇ ਆਈ.ਡੀ. ਕਾਰਡ ਵਿੱਚ ਈ. ਐੱਸ.ਆਈ. ਅਤੇ ਈ.ਪੀ.ਐੱਫ. ਨੰਬਰ ਦਰਜ ਜ਼ਰੂਰ ਕੀਤਾ ਜਾਵੇ।ਸਾਰੇ ਕਾਰਜ ਸਾਧਕ ਅਫ਼ਸਰਾਂ ਨੂੰ ਇਹ ਸਰਟੀਫਿਕੇਟ ਦੇਣ ਲਈ ਵੀ ਕਿਹਾ ਗਿਆ ਕਿ ਕੋਈ ਵੀ ਸਫ਼ਾਈ ਸੇਵਕ ਡਰਾਈਵਰ ਦਾ ਕੰਮ ਨਹੀਂ ਕਰ ਰਿਹਾ ਹੈ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਚੇਅਰਮੈਨ ਐਮ ਵੈਂਕਟੇਸਨ ਨੂੰ ਦੱਸਿਆ ਕਿ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਸ਼ਸ਼ਾਂਕ ਸਿੰਘ ਪੀ.ਪੀ.ਐੱਸ., ਡਾ. ਦੀਪਕ ਜਯੋਤੀ, ਨਿਹਾਰਿਕਾ ਕਮਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਈਸ਼ਾ ਸਿੰਗਲ, ਸਮੂਹ ਕਾਰਜ ਸਾਧਕ ਅਫ਼ਸਰਾਂ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਸਫ਼ਾਈ ਕਰਮਚਾਰੀ ਯੂਨੀਅਨ ਦੇ ਨੁਮਾਇੰਦੇ ਅਤੇ ਸਫ਼ਾਈ ਕਰਮਚਾਰੀ ਮੌਜੂਦ ਸਨ।