ਸਮਾਣਾ 30 ਅਗਸਤ ਸੁਭਾਸ਼ ਚੰਦਰ ਪੱਤਰ ਪ੍ਰੇਰਕ
ਸ਼ੁਕਰਵਾਰ ਸਵੇਰੇ ਤਹਿਸੀਲ ਰੋਡ ਤੇ ਨਵੀਂ ਦੁਕਾਨ ਦੇ ਬੋਰਡ ਦਾ ਨਾਪ ਲੈਣ ਸਮੇਂ ਇੱਕ ਨੌਜਵਾਨ ਦੀ ਹਾਈਵੋਲਟਜ ਦੀਆਂ ਤਾਰਾਂ ਨਾਲ ਛੂਹ ਜਾਣ ਕਾਰਨ ਮੌਕੇ ਤੇ ਮੌਤ ਹੋ ਗਈ। ਸਿਵਲ ਹਸਪਤਾਲ ਚ ਜਾਣਕਾਰੀ ਦਿੰਦਿਆਂ ਮਿ੍ਰਤਕ ਜਸਵਿੰਦਰ ਸਿੰਘ (24) ਦੇ ਪਿਤਾ ਸਤਿਗੁਰੂ ਸਿੰਘ ਵਾਸੀ ਪਿੰਡ ਖੱਤਰੀ ਵਾਲਾ ਨੇ ਦੱਸਿਆ ਕਿ ਉਸ ਦਾ ਪੁੱਤਰ ਭਵਾਨੀਗੜ੍ਹ ਰੋਡ ਤੇ ਸਥਿਤ ਇਕ ਦੁਕਾਨ ਤੇ ਪਿਛਲੇ ਚਾਰ ਸਾਲਾਂ ਤੋਂ ਕੰਮ ਕਰ ਰਿਹਾ ਸੀ, ਜੋ ਅੱਜ ਸਵੇਰੇ ਤਹਿਸੀਲ ਰੋਡ ਤੇ ਨਵੇਂ ਬਣੇ ਸ਼ੋਰੂਮ ਤੇ ਬੋਰਡ ਦਾ ਨਾਪ ਲੈਣ ਗਿਆ ਸੀ, ਨਾਪ ਲੈਂਦੇ ਸਮੇਂ ਉੱਪਰੋਂ ਲੰਘ ਰਹੀਆਂ ਹਾਈਵੋਲਟੇਜ ਦੀਆਂ ਤਾਰਾਂ ਨਾਲ ਉਸ ਦਾ ਇੰਚੀਟੇਪ ਛੂਹ ਗਿਆ। ਜਿਸ ਕਾਰਨ ਉਸ ਨੂੰ ਜ਼ੋਰਦਾਰ ਕਰੰਟ ਲੱਗਿਆ, ਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਉਹਨਾਂ ਅੱਗੇ ਦੱਸਿਆ ਕਿ ਦੁਕਾਨਦਾਰਾਂ ਨੇ ਉਸ ਨੂੰ ਚੁੱਕ ਕੇ ਜਦੋਂ ਸਿਵਲ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਉਨਾਂ ਇਹ ਵੀ ਦੱਸਿਆ ਕਿ ਉਹਨਾਂ ਦੇ ਲੜਕੇ ਦਾ ਕਰੀਬ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।