ਬਲਜਿੰਦਰ ਸਿੰਘ ਚੌਹਾਨ
ਝਨੀਰ 30 ਅਗਸਤ
ਪੰਜਾਬ ਪੁਲਿਸ ਵੱਲੋਂ ਚਲਾਈ ਮੁਹਿੰਮ ਤਹਿਤ ਮਾਨਯੋਗ ਮਾਨਸਾ ਪੁਲਿਸ ਮੁਖੀ ਭਗੀਰਥ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਥਾਣਾ ਝਨੀਰ ਅਤੇ ਸਾਂਝ ਕੇਂਦਰ ਝਨੀਰ ਵੱਲੋਂ ਬਾਬਾ ਧਿਆਨ ਦਾਸ ਨੇਬਰ ਹੁੱਡ ਕੈਂਪਸ ਝਨੀਰ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਥਾਣਾ ਮੁਖੀ ਝਨੀਰ ਜਗਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਨਰੋਏ ਸਮਾਜ ਦੀ ਸਿਰਜਣਾ ਲਈ ਨਸ਼ਿਆਂ ਖਿਲਾਫ ਇਕੱਠੇ ਹੋਣਾ ਚਾਹੀਦਾ ਹੈ। ਨਸ਼ਾ ਸਾਨੂੰ ਮਾਨਸਿਕ ਸਰੀਰਕ ਆਰਥਿਕ ਅਤੇ ਸਮਾਜਿਕ ਤੌਰ ਤੇ ਕਮਜ਼ੋਰ ਕਰਦਾ ਹੈ। ਉਨਾਂ ਕਿਹਾ ਕਿ ਨਸ਼ੇ ਦਾ ਰਸਤਾ ਬਰਬਾਦੀ ਵੱਲ ਜਾਂਦਾ ਹੈ ਜਿਸ ਵਿੱਚੋਂ ਇਨਸਾਨ ਕਦੇ ਵੀ ਬਾਹਰ ਨਹੀਂ ਨਿਕਲ ਸਕਦਾ । ਉਨਾਂ ਕਿਹਾ ਕਿ ਤੰਦਰੁਸਤ ਜੀਵਨ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਸਾਨੂੰ ਖੇਡਾਂ, ਸਮਾਜ ਸੇਵਾ, ਸਿੱਖਿਆ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣਾ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕੀਏ। ਇਸ ਮੌਕੇ ਸਾਂਝ ਕੇਂਦਰ ਇੰਚਾਰਜ ਝੁਨੀਰ ਇੰਸਪੈਕਟਰ ਵਿਜੇ ਸ਼ਰਮਾ, ਡਾਕਟਰ ਪਰਮੀਤ ਭਸੀਨ, ਪ੍ਰੋਫੈਸਰ ਹਿੰਮਤ ਮਿੱਤਲ, ਪ੍ਰੋਫੈਸਰ ਕਮਲਦੀਪ, ਪ੍ਰੋਫੈਸਰ ਜਗਪਾਲ, ਹੌਲਦਾਰ ਮਨਪ੍ਰੀਤ ਕੌਰ ਸੰਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੈਂਪਸ ਦੇ ਵਿਦਿਆਰਥੀ ਹਾਜ਼ਰ ਸਨ।