ਨਾਭਾ, 31 ਅਗਸਤ (ਵਰਿੰਦਰ ਵਰਮਾ)
ਰਿਆਸਤੀ ਸ਼ਹਿਰ ਨਾਭਾ ਦੇ ਫੋਕਲ ਪੁਆਇੰਟ ਇੰਡਸਟਰੀ ਦੇ ਮਾਲਕ ਪਿਛਲੇ ਕਈ ਸਾਲਾਂ ਤੋਂ ਵਿਕਾਸ ਕਾਰਜਾਂ ਨੂੰ ਤਰਸ ਰਹੇ ਸਨ, ਜਿਸ ਨੂੰ ਲੈ ਕੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਫੋਕਲ ਪੁਆਇੰਟ ਇੰਡਸਟਰੀ ਦੇ ਮਾਲਕਾਂ ਨਾਲ ਮੀਟਿੰਗ ਕਰਕੇ ਤੁਰੰਤ ਵਿਕਾਸ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਹਨ । ਇਸ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਵਪਾਰ ਵਿੰਗ ਦੇ ਸੂਬਾ ਵਾਈਸ ਪ੍ਰਧਾਨ ਰਾਜੇਸ਼ ਬਾਂਸਲ ਬੱਬੂ, ਪ੍ਰਧਾਨ ਅਮਰੀਕ ਸਿੰਘ ਗਿੱਲ, ਦੀਪਕ ਕੁਮਾਰ, ਆਸ਼ੀਸ਼ ਰਾਏ ਸਿੰਗਲਾ ਅਤੇ ਆਸ਼ੂਤੋਸ਼ ਬਾਂਸਲ ਨੇ ਕਿਹਾ ਕਿ ਫੋਕਲ ਪੁਆਇੰਟ ਦੇ ਵਿਕਾਸ ਕਾਰਜਾਂ ਖਾਸ ਕਰਕੇ ਖਸਤਾ ਹਾਲਤ ਸੜਕਾਂ ਨੂੰ ਲੈ ਕੇ ਸੰਬੰਧਿਤ ਮਹਿਕਮੇ ਦੇ ਅਧਿਕਾਰੀ ਹਰਕਤ ਵਿੱਚ ਆ ਗਏ ਹਨ ਜਿਨ੍ਹਾਂ ਵੱਲੋਂ ਤੁਰੰਤ ਫੋਕਲ ਪੁਆਇੰਟ ਦੇ ਇੰਡਸਟਰੀ ਮਾਲਕਾਂ ਨਾਲ ਮੀਟਿੰਗ ਕੀਤੀ ਗਈ ਅਤੇ ਅੱਜ ਫੋਕਲ ਪੁਆਇੰਟ ਦੀਆਂ ਸੜਕਾਂ ਦਾ ਕੰਮ ਤਾਂ ਸ਼ੁਰੂ ਕਰਵਾ ਦਿੱਤਾ ਗਿਆ ਹੈ। ਬੱਬੂ ਬਾਂਸਲ ਨੇ ਕਿਹਾ ਕਿ ਫੋਕਲ ਪੁਆਇੰਟ ਦੇ ਵਿਕਾਸ ਕਾਰਜ ਸਿਰਫ ਤੇ ਸਿਰਫ ਅਕਾਲੀ ਭਾਜਪਾ ਸਰਕਾਰ ਸਮੇਂ ਹੀ ਹੋਏ ਸਨ ਕਿਉਂ ਜੋ ਸਾਬਕਾ ਮੁੱਖ ਮੰਤਰੀ ਮਰਹੂਮ ਸਵ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਹੂਲਤ ਦੇਣ ਲਈ ਫੋਕਲ ਪੁਆਇੰਟ ਸਥਾਪਿਤ ਕੀਤੇ ਗਏ ਸਨ। ਉਹਨਾਂ ਕਿਹਾ ਕਿ ਜਿੱਥੇ ਇੰਡਸਟਰੀ ਮਾਲਕ ਆਪਣਾ ਵਪਾਰ ਕਰਦੇ ਹਨ ਉੱਥੇ ਉਨ੍ਹਾਂ ਵੱਲੋਂ ਵੱਡੀ ਪੱਧਰ ਤੇ ਲੋਕਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਪ੍ਰਧਾਨ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਉਹ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਨ ਜਿਨਾਂ ਨੇ ਉਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਮੀਟਿੰਗ ਕਰਨ ਉਪਰੰਤ ਫੋਕਲ ਪੁਆਇੰਟ ਦੇ ਵਿਕਾਸ ਕਾਰਜ ਅੱਜ ਤੋਂ ਹੀ ਸ਼ੁਰੂ ਕਰਵਾ ਦਿੱਤੇ ਹਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਹੀ ਸਹੂਲਤਾਂ ਨੂੰ ਉਹ ਇੰਡਸਟਰੀ ਮਾਲਕਾਂ ਦੇ ਸਹਿਯੋਗ ਨਾਲ ਜਲਦੀ ਲੈ ਕੇ ਆਉਣਗੇ। ਪ੍ਰਧਾਨ ਗਿੱਲ ਨੇ ਫੋਕਲ ਪੁਆਇੰਟ ਇੰਡਸਟਰੀ ਦੇ ਸਮੂਹ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫੋਕਲ ਪੁਆਇੰਟ ਦੇ ਸ਼ੁਰੂ ਕੀਤੇ ਵਿਕਾਸ ਕਾਰਜਾਂ ਵਿੱਚ ਆਪਣਾ ਪੂਰਾ ਸਾਥ ਦੇਣ ਤਾਂ ਜੋ ਇਹਨਾਂ ਵਿਕਾਸ ਕਾਰਜਾਂ ਨੂੰ ਜਲਦੀ ਨੇਪਰੇ ਚਾੜਿਆ ਜਾ ਸਕੇ।